Ashraf Gill – Museebat de dhaalan nu dhalna pavega
ਮੁਸੀਬਤ ਦੇ ਟਾਲਣ ਨੂੰ, ਢਲਣਾ ਪਵੇਗਾ
ਮੁਸੀਬਤ ਦੇ ਟਾਲਣ ਨੂੰ, ਢਲਣਾ ਪਵੇਗਾ,
ਹਨੇਰੇ ਉਜਾਲਣ ਨੂੰ ਜਲਣਾ ਪਵੇਗਾ।
ਅਦਾਵਤ, ਰਕਾਬਤ, ਹਕਾਰਤ ਦਾ ਹੁਲੀਆ,
ਮੁਹੱਬਤ ਦੀ ਖ਼ਾਤਰ, ਬਦਲਣਾ ਪਵੇਗਾ।
ਘਰੋਂ ਟੁਰ ਪਏ ਸਾਂ, ਜ਼ਮਾਨੇ ਨੂੰ ਬਦਲਣ,
ਪਤਾ ਕੀਹ ਸੀ, ਖ਼ੁਦ ਨੂੰ ਬਦਲਣਾ ਪਵੇਗਾ!
ਖਲਾਰੀ ਜਾ ਚੰਨ ਜਿਹਾ ਚਾਨਣ ਤੂੰ ਜਗ ਵਿਚ,
ਬਣੇਂਗਾ ਜੇ ਸੂਰਜ, ਤੇ ਬਲ਼ਣਾ ਪਵੇਗਾ।
ਗਵਾਈਂ ਨਾ ਅੰਦਰ ਦੇ ਤਾਲ਼ੇ ਦੀ ਚਾਬੀ,
ਕਦੀ ਤੇ ਖ਼ੁਦੀ ‘ਚੋਂ ਨਿਕਲਣਾ ਪਵੇਗਾ।
ਜ਼ਮੀਨੋਂ ਜੇ ਉੱਚਾ ਖੜੇਂਗਾ ਤੂੰ ਐਟਮ,
ਭਲਾ ਭੋਲਿਆ ! ਕੀਹ ਏਹ ਚਲ ਨਾ ਪਵੇਗਾ?
ਕਦੀ ਰੋਜ਼ ਸੂਰਜ ਨੂੰ ਨਿਗਲੇ ਨਾ ਧਰਤੀ,
ਜੇ ਜਾਣੇ, ਸਵੇਰੇ ਉਗਲਣਾ ਪਵੇਗਾ!
ਜੇ ਲਾਲਚ ਹੈ ਤਿਲਕਣ, ਤੇ ਦੁਨੀਆਂ ਹੈ ਖੋਭਾ,
ਸੰਭਲਣਾ, ਤੇ ਬਚ ਬਚ ਕੇ ਚਲਣਾ ਪਵੇਗਾ।
ਸੁਣਾਂਗਾ, ਫ਼ਿਰ ਅਪਣੀ ਸੁਣਾਵਾਂਗਾ “ਅਸਰਫ਼’,
ਬਸ਼ਰਤੇ ! ਕੋਈ ਮੇਰੇ ਗਲ਼ ਨਾ ਪਵੇਗਾ!