Ashraf Gill – Jdo milda vdhaa dinda mere andar galat fehmi

ਜਦੋਂ ਮਿਲਦੈ, ਵਧਾ ਦੇਂਦੈ, ਮਿਰੇ ਅੰਦਰ ਗ਼ਲਤ-ਫ਼ਹਿਮੀ

ਜਦੋਂ ਮਿਲਦੈ, ਵਧਾ ਦੇਂਦੈ, ਮਿਰੇ ਅੰਦਰ ਗ਼ਲਤ-ਫ਼ਹਿਮੀ,
ਚਲਾ ਜਾਵੇ ਤੇ ਛਡ ਜਾਂਦਾ ਏ, ਮੇਰੇ ਘਰ ਗ਼ਲਤ-ਫ਼ਹਿਮੀ ।

ਓਹਦੇ ਹਾਸੇ ਨੇਂ ਮੈਨੂੰ ਹੀ, ਭੁਲੇਖੇ ਵਿਚ ਨਈਂ ਪਾਇਆ,
ਓਹਦੀ ਆਦਤ ਤੇ ਸਭ ਨੂੰ ਹੀ ਰਹੀ, ਅਕਸਰ ਗ਼ਲਤ-ਫ਼ਹਿਮੀ।

ਅਜੇ ਰਾਤੀਂ ਹੀ ਛਾਂਗੀ ਹਰ ਲਗ਼ਰ, ਨਫ਼ਰਤ ਦੇ ਰੁੱਖ ਉੱਤੋਂ,
ਸਵੇਰੇ ਮੂੰਹ ਹਨ੍ਹੇਰੇ ਫ਼ਿਰ ਪਈ ਪੁੰਗਰ, ਗ਼ਲਤ-ਫ਼ਹਿਮੀ ।

ਜਦੋਂ ਬੇੜੀ ਮੁਹੱਬਤ ਦੀ, ਜ਼ਰਾ ਡੋਲੇ, ਸਮਝ ਲੈਣਾਂ,
ਭਰੋਸੇ ਦੇ ਸਮੁੰਦਰ ‘ਚੋਂ, ਪਈ ਪੁੰਗਰ, ਗ਼ਲਤ-ਫ਼ਹਿਮੀ ।

ਕਰੇ ਹੰਕਾਰ ਨੂੰ ਹੀਣਾਂ, ਅਤੇ ਕਮਜ਼ੋਰ ਨੂੰ ਪੀਡਾ,
ਕਰੇ ਪੱਥਰ ਨੂੰ ਪਾਣੀ, ਮੋਮ ਨੂੰ ਪੱਥਰ, ਗ਼ਲਤ-ਫ਼ਹਿਮੀ ।

ਬਹਾਰਾਂ ਵਿਚ ਦਰਖ਼ਤਾਂ ਦੇ, ਬਣੇ ਸਨ ਜਿਹੜੇ ਪਹਿਨਾਵੇ,
ਖ਼ਿਜ਼ਾਵਾਂ ਵਿਚ ਝੜੇ ਬਣ ਕੇ, ਓਹੀ ਪੱਤਰ, ਗ਼ਲਤ-ਫ਼ਹਿਮੀ ।

ਓਹਦੀ ਸੁਣਦਾ ਏ ਹਰ ਕੋਈ, ਤੇ ਵਸਦੀ ਬਣ ਕੇ ਸ਼ਹਿਜ਼ਾਦੀ,
ਗ਼ਰੀਬਾਂ ਦੇ ਘਰਾਂ ਤੋਂ ਲੈਕੇ, ਸ਼ਾਹਾਂ ਘਰ ਗ਼ਲਤ-ਫ਼ਹਿਮੀ ।

ਕਿਸੇ ਦੀ ਖੋਜ ਅੰਦਰ ਜਦ, ਕਰਾਰ ਅਓਂਦਾ ਨਈਂ ਦਿਲ ਨੂੰ,
ਫਿਰਾਂਦੀ ਬੇਲ਼ੇ, ਜੰਗਲ, ਤੇ ਕਦੀ ਦਰ ਦਰ ਗ਼ਲਤ-ਫ਼ਹਿਮੀ ।

ਜਦੋਂ ਦਾ ਬੀ ਮੁਹੱਬਤ ਦਾ, ਓਹ ਦਿਲ ਵਿਚ ਬੀ ਗਿਆ ‘ਅਸ਼ਰਫ਼’,
ਅਵਾਜ਼ਾਰੀ ਦੇ ਵਿਚ ਰਾਤਾਂ, ਅਤੇ ਦਿਨ ਭਰ ਗ਼ਲਤ-ਫ਼ਹਿਮੀ ।