Punjabi Poetry

Harmanjeet Singh – Laide ve laide veera


ਲੈਦੇ ਵੇ ਲੈਦੇ ਵੀਰਾ

ਲੈਦੇ ਵੇ ਲੈਦੇ ਵੀਰਾ ਪੁੰਨਿਆ ਦਾ ਚੰਨ ਸਾਨੂੰ
ਅਸਾਂ ਉੱਡ ਜਾਣਾ ਪਰਦੇਸ ਵੇ
ਕੁੜੀਆਂ ਕੁਆਰੀਆਂ ਦੇ ਨਿੱਕੇ-ਨਿੱਕੇ ਚਾਵਾਂ ਨੂੰ
ਲਾਈਦੀ ਨੀਂ ਹੁੰਦੀ ਵੀਰਾ ਠੇਸ ਵੇ ।

ਲੈਦੇ ਵੇ ਲੈਦੇ ਵੀਰਾ ਆਥਣਾਂ ਦਾ ਰੰਗ ਸਾਨੂੰ
ਇੱਕ ਲੈਦੇ ਚਿੜੀਆਂ ਦੀ ਡਾਰ ਵੇ
ਇੱਕ ਵੀਰਾ ਲੈਦੇ ਸਾਨੂੰ ਚਿੱਟੀ-ਚਿੱਟੀ ਬੱਦਲੀ ਵੇ
ਫੁੱਲਾਂ ਜਿੰਨਾ ਹੋਵੇ ਜੀਹਦਾ ਭਾਰ ਵੇ ।

ਲੈਦੇ ਵੇ ਲੈਦੇ ਵੀਰਾ ਇੱਕ ਲੱਪ ਤਾਰਿਆਂ ਦੀ
ਆਪੇ ਲਊਂ ਮੈਂ ਘੁੰਗਰੂ ਬਣਾ ਵੇ
ਤੋਲਾ ਕੁ ਤਾਂ ਵੀਰਾ ਸਾਨੂੰ ਢੂੰਡ ਵੇ ਸੁਗੰਧੀਆਂ ਦੀ
ਪੋਟਿਆਂ ਨਾ’ ਛੂਵਣੇ ਦਾ ਚਾਅ ਵੇ ।

ਭਾਬੀ ਨੂੰ ਲਿਆ ਕੇ ਦੇਵੇਂ ਲਹਿਰੀਏ ਰੰਗੀਨ ਵੀਰਾ
ਤੋਤਿਆਂ ਦੀ ਚੁੰਝ ਜਿਹੀਆਂ ਚੂੜੀਆਂ
ਸਾਨੂੰ ਵੀ ਲਿਆ ਕੇ ਦੇਹ ਮਸੂਰ ਦੇ ਦੁਪੱਟੇ
ਰੀਝਾਂ ਦਿਲੇ ਦੀ ਸੰਦੂਕੜੀ ‘ਚ ਨੂੜੀਆਂ ।

ਉਂਝ ਤਾਂ ਵੇ ਵੀਰਾ ਸਾਡੇ ਸ਼ੌਂਕ ਰਤਾ ਅੱਡਰੇ ਨੇ
ਸੋਚ ਭੈਣਾਂ ਰਖਦੀਆਂ ਵੱਖ ਵੇ
ਕਦੇ ਕਦੇ ਚਾਂਦੀ ਦੀਆਂ ਝਾਂਜਰਾਂ ਦੇ ਉੱਤੇ ਵੀਰਾ
ਮੱਲੋ ਮੱਲੀ ਟਿਕ ਜਾਂਦੀ ਅੱਖ ਵੇ ।

ਹੱਸਦਾ ਈ ਰਹੇਂ ਵੀਰਾ ਉਮਰਾਂ ਦੇ ਤੀਕ
ਤੇਰਾ ਹੋਵੇ ਨਾ ਵੇ ਕਦੇ ਵਿੰਗਾ ਵਾਲ ਵੇ
ਨਿੱਕੀ ਜਿਹੀ ਚਿੜੀ ਤੇਰੀ ਉੱਡ’ਜੂ ਬਨੇਰਿਓਂ
ਤੂੰ ਪੁੱਛਦਾ ਰਹੀਂ ਖਾਂ ਸਾਡਾ ਹਾਲ ਵੇ ।

ਲੈਦੇ ਵੇ ਲੈਦੇ ਵੀਰਾ ਪੁੰਨਿਆ ਦਾ ਚੰਨ ਸਾਨੂੰ
ਅਸਾਂ ਉੱਡ ਜਾਣਾ ਪਰਦੇਸ ਵੇ
ਕੁੜੀਆਂ ਕੁਆਰੀਆਂ ਦੇ ਨਿੱਕੇ-ਨਿੱਕੇ ਚਾਵਾਂ ਨੂੰ
ਲਾਈਦੀ ਨੀਂ ਹੁੰਦੀ ਵੀਰਾ ਠੇਸ ਵੇ ।