Aasi Khanpuri – Nazma gazlan de parde vich apna dard lukovi
ਨਜ਼ਮਾਂ, ਗ਼ਜ਼ਲਾਂ ਦੇ ਪਰਦੇ ਵਿਚ ਅਪਣਾ ਦਰਦ ਲਕੋਵੀਂ।
ਕੁਝ ਵੀ ਹੋਵੇ ਜਿੰਦੇ ਮੇਰੀਏ ਬੇਆਸੀ ਨਾ ਹੋਵੀਂ।
ਜਗ ਦੇ ਸ੍ਹਾਵੇਂ ਕਤਲ ਮੇਰੇ ਦੀ ਫੇਰ ਕਰੀਂ ਇਨਕਾਰੀ,
ਪਹਿਲੋਂ ਅਪਣੇ ਦਾਮਨ ਉੱਤੋਂ ਦਾਗ਼ ਲਹੂ ਦੇ ਧੋਵੀਂ।
ਫੁੱਲ ਖਿੜਨ ਦਾ ਖੜਕਾ ਉਸਦੀ ਨੀਂਦ ਉਖਾੜ ਨਾ ਦੇਵੇ,
ਪਿਆਰ ਵਫ਼ਾ ਦੇ ਰੋਜ਼ੇ ਉੱਤੇ ਚੁਪ ਦਾ ਬੂਹਾ ਢੋਵੀਂ।
ਮੈਂ ਸਮਝਾਂ ਪਈ ਜੋ ਕੁਝ ਲੱਭਿਆ ਜੁੜਿਆ ਪੇਸ਼ ਕਰਾਂਗਾ,
ਲੋਕੀ ਆਖਣ ਮੁੰਜ ਦੀ ਰੱਸੀ ਵਿਚ ਨਾ ਫੁੱਲ ਪਰੋਵੀਂ।
ਜੀਉਂਦੇ ਜੀ ਤੇ ਲੋਕਾ ਖਿੜਦੇ ਮੱਥੇ ਮਿਲੀਂ ਅਸਾਨੂੰ,
ਮਰ ਗਏ ਤੇ ਮੁੜ ਤੇਰੀ ਮਰਜ਼ੀ ਹੱਸੀਂ ਭਾਵੇਂ ਰੋਵੀਂ।