Punjabi Poetry

Ashraf Gill – Jaapda nazran da ghera tang ae


ਜਾਪਦਾ ਨਜ਼ਰਾਂ ਦਾ ਘੇਰਾ ਤੰਗ ਏ

ਜਾਪਦਾ ਨਜ਼ਰਾਂ ਦਾ ਘੇਰਾ ਤੰਗ ਏ,
ਫ਼ਿਰ ਵੀ ਬੰਦਾ ਵੇਖਦਾ ਹਰ ਰੰਗ ਏ ।

ਹਰ ਕੋਈ ਖ਼ੁਦ ਨੂੰ ਸਮਝਦੈ ਫ਼ਲਸਫ਼ੀ,
ਏਸ ਕਾਰਣ ਹੀ ਜਗਤ ਵਿਚ ਜੰਗ ਏ ।

ਜ਼ਿੰਦਗੀ ਦਾ ਦੂਸਰਾ ਨਾਂ, ਖ਼ਾਹਸ਼ਾਂ,
ਮਰ ਕੇ ਮੁਕਦੀ ਆਦਮੀ ਦੀ ਮੰਗ ਏ ।

ਪਿਘਰਦੀ ਏ ਸਾਹ ਦੇ ਸੇਕੇ ਦੇ ਨਾਲ,
ਮੋਮ ਦੇ ਵਰਗੀ, ਹਿਆ ਤੇ ਨੰਗ ਏ ।

ਜ਼ਿੰਦਗਾਨੀ, ਸ਼ੀਸ਼ਿਆਂ ਦਾ ਹੈ ਮਹਿਲ,
ਕਿਰਚਾਂ ਕਿਰਚਾਂ ਏਸ ਦਾ ਅੰਗ ਅੰਗ ਏ ।

ਡਾਂਗ, ਸੋਟਾ ਹਰ ਕੋਈ ਬੈਠੈ ਫੜੀ,
ਅਪਣਾ ਅਪਣਾ ਜੀਵਣੇ ਦਾ ਢੰਗ ਏ ।

ਚੜ੍ਹ ਕੇ ਜੋ ਆਕਾਸ਼, ਅਖਵਾਵੇ ਧਨੁਖ,
ਏਹ ਕਿਸੇ ਵਿਧਵਾ ਦੀ ਟੁੱਟੀ ਵੰਗ ਏ ।

ਰੱਬ ਨੇ ਵੰਡੀਆਂ ਸੀ ਖ਼ੁਸ਼ੀਆਂ ਬੇ-ਸ਼ੁਮਾਰ,
ਮੇਰੀ ਕਿਸਮਤ ਦੀ ਹੀ ਝੋਲ਼ੀ ਤੰਗ ਏ ।

ਜੀਣ ਜੋਗੀ ਜ਼ਿੰਦਗੀ, ਲਭਣ ਲਈ,
ਆਦਮੀ ਦਾ ਜਿਸਮ, ਡੰਗੋ ਡੰਗ ਏ ।

ਮੰਗ ‘ਅਸ਼ਰਫ਼’ ਖੁਲ੍ਹ ਕੇ ਉੁਸਤੋਂ ਕੋਈ ਸ਼ੈ,
ਲੈਂਦਿਆਂ ਆਈ ਨਾ ਜਿਸ ਤੋਂ ਸੰਗ ਏ ।