Punjabi Poetry

Ashraf Gill – Maa utte aaunde saar jagg vich

ਮਾਂ ਉੱਤੇ-ਅਓਂਦੇ ਸਾਰ ਜਗ ਵਿਚ

ਅਓਂਦੇ ਸਾਰ ਜਗ ਵਿਚ, ਪਹਿਲੀ ਵਾਰੀ ਤੱਕਿਆ ਤੇ, ਤੈਨੂੰ ਮੈਂ ਸੰਜਾਣਿਆਂ ਨੀ ਮਾਏ,
ਰੂਹ ਜਦੋਂ ਤਨ ਵਿਚ ਦੌੜੀ ਫ਼ੇਰ ਮਨ ਮੇਰੇ, ਤੈਨੂੰ ਰੱਬ ਜਾਣਿਆਂ ਨੀ ਮਾਏ ।

ਤੂੰ ਹੀ ਤੇ ਸੁਨਾਈਆਂ ਮੈਨੂੰ, ਚੰਨ ਦੀਆਂ ਲੋਰੀਆਂ ਤੇ, ਤਾਰਿਆਂ ਦੀ ਲੋਆਂ ਜਿਹੇ ਗੀਤ,
ਤੇਰੀ ਠੰਡੀ ਛਾਂ ਥੱਲੇ, ਸੇਕਿਆ ਮੈਂ ਸੂਰਜੇ ਨੂੰ, ਰੁੱਤਾਂ ਨੂੰ ਪਛਾਣਿਆਂ ਨੀ ਮਾਏ ।

ਖਿੜੀ ਫੁੱਲ ਵਾਂਗ ਮੇਰੀ ਖ਼ੁਸ਼ੀਆਂ ਤੇ, ਗ਼ਮ ਉੱਤੇ, ਸੌਣ ਵਾਂਗੂੰ ਵਰ੍ਹੇ ਤੇਰੇ ਨੈਣ,
ਤੇਰੇ ਜਜ਼ਬਾਤ ਭਰੇ ਪਿਆਰ ਦੀ ਬਹਾਰ ਨੂੰ ਮੈਂ, ਰੱਜ ਰੱਜ ਮਾਣਿਆਂ ਨੀ ਮਾਏ ।

ਤੋਤੇ ਵਾਂਗੂੰ ਰੱਟ ਕੇ ਤੇ, ਗਾਏ ਸੀ ਪਪੀਹੇ ਵਾਂਗੂੰ, ਤੇਰੇ ਕੋਲੋਂ ਸਿੱਖੇ ਹੋਏ ਬੋਲ,
ਹੁਣ ਜਾਪੇ ਗਿਰਝਾਂ ਜਿਉਂ, ਬੈਠੀਆਂ ਮੁਕਾਣੀਂ ਓਹਨਾਂ, ਸਮਿਆਂ ਸੁਹਾਣਿਆਂ ਨੀ ਮਾਏ ।

ਕੀਤੀਆਂ ਕਰੂਲੀਆਂ ਜੋ ਘਿਓ ਦੀਆਂ, ਤੇਰੇ ਭੁਖੇ ਢਿੱਡ ਨੂੰ ਮੈਂ ਸੰਨ੍ਹ ਮਾਰ ਮਾਰ,
ਪਤਾ ਸੀ ਏਹ ਖ਼ੌਰੇ ਤੈਨੂੰ, ਬਦਲਾ ਏਹ ਲੈਣਾਂ ਮੈਥੋਂ, ਮੇਰਿਆਂ ਨਿਆਣਿਆਂ ਨੀ ਮਾਏ ।

ਮਿਲਿਆ ਨਸੀਬ ਤੈਥੋਂ, ਨਵਾਂ ਤੇ ਨਿਕੋਰ, ਹਥੀਂ ਜੱਗ ਆਕੇ ਹੋਇਆ ਲੀਰੋ ਲੀਰ,
ਹੁਣ ਤੇ ਏੈਹ ਇੰਜ ਜੀਵੇਂ, ਫੁੰਡਿਆ ਸ਼ਿਕਾਰ, ਹੱਥੀਂ ਅੰਨ੍ਹਿਆਂ ਤੇ ਕਾਣਿਆਂ ਨੀ ਮਾਏ ।

ਪਿਆਰ ਹੀ ਸਿਖਾਇਆ ਤੂੰ ਤੇ, ਫ਼ੇਰ ਕਿਥੋਂ ਜੰਮੇ ਮੇਰੇ , ਦਿਲ ਵਿਚ ਵਲ਼, ਵੈਲ, ਵੈਰ,
ਲਗਦੈ ਕਰੋਧ ਸਾਰਾ ਦਿੱਤਾ ਏ ਉਧਾਰ ਮੈਨੂੰ, ਮੇਰਿਆਂ ਯਰਾਨਿਆਂ ਨੀ ਮਾਏ ।

ਟੁਰ ਗਈਓਂ ਓਥੇ ਜਿੱਥੋਂ, ਖ਼ਤ ਨਾ ਖ਼ਬਰ, ਨਾ ਹੀ ਆਵੇ ਜਾਵੇ ਕੋਈ ਸੰਦੇਸ,
ਜੰਦਰੇ ਵੀ ਮਾਰ ਗਈਓਂ, ਅਪਣੀ ਦੁਆਵਾਂ ਨਾਲ, ਬੂਥਵੇਂ ਖ਼ਜ਼ਾਨਿਆਂ ਨੀ ਮਾਏ ।

ਮਾਣੀਆਂ ਸੀ ਨੀਂਦਰਾਂ ਮੈਂ, ਤੇਰੀਆਂ ਜਵਾਨੀ ਵਾਲੇ, ਨਸ਼ੇ ਦੀਆਂ ਨੀਂਦਰਾਂ ਚੁਰਾ,
ਤਾਹੀਂ ਜਿੰਦ ਵੰਡੀ ‘ਗਿੱਲ’, ਹੁਣ ਜੁਰਮਾਨਿਆਂ ਤੇ, ਕੁਝ ਹਰਜਾਨਿਆਂ ਨੀ ਮਾਏ ।