Punjabi Poetry

Ashraf Gill – Hawaale jad kise de vi, kise kita swaal apna


ਹਵਾਲੇ ਜਦ ਕਿਸੇ ਦੇ ਵੀ, ਕਿਸੇ ਕੀਤਾ ਸਵਾਲ ਅਪਣਾ

ਹਵਾਲੇ ਜਦ ਕਿਸੇ ਦੇ ਵੀ, ਕਿਸੇ ਕੀਤਾ ਸਵਾਲ ਅਪਣਾ,
ਇਰਾਦੇ ਗ਼ੈਰ ਨਾਲ ਓਸ ਬੰਨ੍ਹ ਲਿਆ, ਫ਼ਿਰ ਵਾਲ ਵਾਲ ਅਪਣਾ ।

ਓਹਦੇ ਪਰਖਣ ਤੇ ਸੋਧਣ ਦਾ ਵੀ, ਮੈਨੂੰ ਹੈ ਕੁਝ ਅੰਦਾਜ਼ਾ,
ਮਿਰੇ ਬਾਰੇ ਖ਼ਿਆਲ ਉਸਦਾ ਹੈ ਸ਼ੱਕੀ, ਹੈ ਖ਼ਿਆਲ ਅਪਣਾ ।

ਸੁਣਾਂਦਾ ਸਾਂ ਕਹਾਣੀ ਤੇ, ਕਿਸੇ ਨੇ ਕੰਨ ਨਈਂ ਧਰਿਆ,
ਜਦੋਂ ਦਸਿਆ ਨਈਂ ਜਾਂਦਾ, ਤੇ ਸਭ ਪੁਛਦੇ ਨੇ ਹਾਲ ਅਪਣਾ ।

ਕਦੀ ਲੀਰਾਂ, ਕਦੀ ਟੋਟੇ, ਕਦੀ ਹੈ ਛਾਨਣੀ ਹੋਇਆ,
ਬੜੀ ਉਖਿਆਈ ਨਾਲ ਹੋਇਆ, ਏਥੇ ਪੱਲੂ ਸੰਭਾਲ ਅਪਣਾ ।

ਸਭਨਾਂ ਨੇ ਸਾਡੀਆਂ, ਕੋਤਾਹੀਆਂ ਤੇ ਹੀ ਨਜ਼ਰ ਰੱਖੀ,
ਅਸੀਂ ਬੇਕਾਰ ਹੀ ਲਾਂਹਦੇ ਰਹੇ, ਦਿਲ ਦਾ ਜੰਗਾਲ ਅਪਣਾ ।

ਖ਼ਮੋਸ਼ੀ ਉਸਦੀਆਂ ਨਜ਼ਰਾਂ ਦੀ, ਜਦ ਦੇਂਦੀ ਏ ਹੁੰਗਾਰਾ,
ਓਹਦੇ ਏਨੇ ਇਸ਼ਾਰੇ ਤੇ, ਭਟਕ ਜਾਂਦੈ ਸਵਾਲ ਅਪਣਾ ।

ਅਸਾਂ ਧਮਕੀ, ਡਰਾਵੇ, ਰੋਅਬ ਦੇ ਥੱਲੇ ਨਈਂ ਆਓਣਾਂ,
ਨਈਂ ਲੱਗਾ ਹੋਇਆ ਸ਼ਹਿਰ ਇਚ, ਤੁਹਾਡਾ ਕੋਤਵਾਲ ਅਪਣਾ ।

ਕੋਈ ਸੂਰਤ ਨਜ਼ਰ ਆਓਂਦੀ ਨਈਂ, ਦੁਨੀਆਂ ਨੂੰ ਸਮਝਣ ਦੀ,
ਐਥੇ ਮਰਨਾ ਵੀ ਔਖਾ ਏ, ਤੇ ਜੀਣਾ ਵੀ ਮੁਹਾਲ ਅਪਣਾ ।

ਡਰਾਕਲ ਕਰਨ ਦੀ ਕੋਸ਼ਿਸ਼, ਬੜੀ ਕੀਤੀ ਐ ਪੀੜਾਂ ਨੇ,
ਅਸੀਂ ਪਹਿਲਾਂ ਹੀ ਬੈਠੇ ਹਾਂ, ਜਿਗਰ ਪੱਥਰ ‘ਚ ਢਾਲ ਅਪਣਾ ।

ਸਿਲਾ ਹੁਣ ਮੇਰੀਆਂ ਕੁਰਬਾਨੀਆਂ ਦਾ, ਆ ਰਿਹੈ ਨਜ਼ਰੀਂ,
ਲਿਖਣ ‘ਅਸ਼ਰਫ਼’ ਓਹ ਲੱਗਿਐ ਨਾਮ ਮੇਰਾ, ਨਾਂ ਦੇ ਨਾਲ ਅਪਣਾ ।