Punjabi Poetry

Harmanjeet Singh – Amrit shitte


ਅੰਮ੍ਰਿਤ ਛਿੱਟੇ

(ਤੇਰੀ ਸੰਗਤ ‘ਚ)

ਨਾ ਲੱਧੀ ਨੇ ਦੁੱਲਾ ਜਾਇਆ
ਪੌਣਾਂ ਦਾ ਹਮਸਾਇਆ
ਨਾ ਹੀ ਕੋਰੀ ਚਾਟੀ ਵਿੱਚੋਂ
ਮੱਖਣ ਕਿਸੇ ਚੁਰਾਇਆ ।

ਨਾ ਪੁਸ਼ਕਰ ਦੇ ਕੰਢੇ ਕੋਈ
ਗੋਂਬਿੰਦ ਬਾਬਾ ਆਇਆ
ਨਾ ਵਾਰਿਸ ਨੇ ਬੈਠ ਮਸੀਤੇ
ਸੱਜਰਾ ਫੁੱਲ ਖਿੜਾਇਆ ।

ਨਾ ਹੀ ਛੋਲੇ ਪੱਕਣ ਲੱਗੇ
ਨਾ ਹੀ ਚੇਤ ਸੁਹਾਇਆ
ਨਾ ਹੀ ਪੁੱਠੀ ਅਰਘ ਚੜ੍ਹਾ ਕੇ
ਨਾਨਕ ਨੇ ਸਮਝਾਇਆ ।

ਤਾਂ ਸੁੱਖ ਦਾ ਸਾਹ ਕਿੱਦਾਂ ਆਇਆ ?

ਨਾ ਮਰੀਅਮ ਨੇ ਇੱਕ ਲੱਪ ਸ਼ੱਕਰ
ਚਾਦਰ ਹੇਠ ਲੁਕੋਈ
ਨਾ ਲਾਲੋ ਦੇ ਟੁੱਕਰ ਵਿੱਚੋਂ
ਧਾਰ ਸਮੁੰਦਰ ਚੋਈ ।

ਨਾ ਕੱਚ-ਭੁੰਨੀ ਸਤੀ ਦੇ ਨੇਤਰ
ਡਿੱਗੇ ਆਣ ਪਹਾੜੀਂ
ਨਾ ਹੀ ਕਾਮਦੇਵ ਨੇ ਧੁੱਪ ਨੂੰ
ਵੇਖ ਕੇ ਮਾਰੀ ਤਾੜੀ ।

ਨਾ ਅਰਫ਼ਾਹਾਂ ਨੇ ਅੱਜ ਆਦਮ-
ਹਵਾ ਦਾ ਮੇਲ ਕਰਾਇਆ
ਨਾ ਹੀ ਕੋਈ ਗੌਤਮ ਸਖੀਓ
ਬੁੱਧ-ਬੁੱਧ ਅਖਵਾਇਆ ।

ਤਾਂ ਸੁੱਖ ਦਾ ਸਾਹ ਕਿੰਝ ਆਇਆ ?

ਨਾ ਅੱਜ ਰੂਪ ਰੰਗੀਲਾ ਤੋਤਾ
ਦਾਖਾਂ ਟੁੱਕਣ ਆਇਆ
ਨਾ ਕੋਈ ਹਰਿਆ-ਹਰਿਆ ਬੂਟਾ
ਕਿਰਨਾਂ ਤੋਂ ਸ਼ਰਮਾਇਆ ।

ਨਾ ਅੱਜ ਮਾਂ ਨੇ ਸੁੱਕੇ ਝਾਟੇ
ਜੂਹੀ ਗੰਧ ਖਿੰਡਾਈ
ਨਾ ਅੱਜ ਨਿੱਕੀ ਭੈਣ ਨੇ ਕੀਤੀ
ਗੁੱਡੀਆਂ ਦੀ ਕੁੜਮਾਈ ।

ਨਾ ਰਾਵੀ ਦੇ ਕੰਢੇ ਰਿਖੀਆਂ
ਵੇਦਾਂ ਕਲਮ ਛੁਹਾਇਆ
ਨਾ ਅੱਜ ਮੇਰੇ ਸਿਰ ਤੋਂ ਉੱ’ਡਿਆ
ਪੰਜ ਫੂਲਨ ਦਾ ਸਾਇਆ ।

ਤਾਂ ਸੁੱਖ ਦਾ ਸਾਹ ਕਿੰਝ ਆਇਆ ?