Harmanjeet Singh – Aurat – Kaashni jaadu


ਔਰਤ – ਕਾਸ਼ਨੀ ਜਾਦੂ

ਉਹ ਜੰਗਲ ਨਾਲ ਲਗਦੇ
ਤਲਾਬਾਂ ਦੀ ਜਾਈ
ਜੋ ਸਾਵੀ ਸਲਤਨਤ ‘ਚ
ਭਟਕਣ ਸੀ ਆਈ
ਜੋ ਮਹਿਕ ਸੀ, ਕਿਰਿਆ ਸੀ,
ਚਾਨਣ, ਤਰਾਵਤ
ਤੇ ਪਿੰਡੇ ‘ਚ ਢਲ ਗਈ
ਉਹ ਕੋਸੀ ਬਣਾਵਟ।

ਜੋ ਪਿੰਡਾ ਸੀ ਕੁਦਰਤ ਦੀ
ਸ਼ਾਦਾਬੀ ਰੰਗਤ
ਤੇ ਅੰਗਾਂ ‘ਚੋਂ ਉੱਭਰੀ ਸੀ
ਟਿੱਬਿਆਂ ਦੀ ਸੰਗਤ
ਜੀਹਦੀ ਲਚਕ ਤਣਿਆਂ
ਬਰੋਬਰ ਜਾ ਢੁੱਕਦੀ
ਉਹ ਗੁਰੂਆਂ ਦੀ ਰੋਹੀ
ਕਦੇ ਵੀ ਨੀਂ ਸੁੱਕਦੀ।

ਜੋ ਭਿਉਂਤੇ ਗੁਲਾਬਾਂ ਦੀ
ਸੁਬਹਾਨੀ ਸੱਗੀ
ਜੋ ਟਕਸਾਲੀ ਪੌਣਾਂ ਦਾ
ਸਾਦਕ ਪਰਾਂਦਾ
ਜੋ ਸੁਹਜਾਂ ਦੇ ਪੀੜ੍ਹੇ ਤੋਂ
ਉੱਠੀ ਜਦੋਂ ਵੀ
ਉਹਦਾ ਰਸਤਾ ਚੰਨਣ ਦੇ
ਬਾਗਾਂ ਨੂੰ ਜਾਂਦਾ।

ਸੀ ਬਿਰਖਾਂ ਨੇ ਬਖ਼ਸ਼ੀ
ਜੀਰਾਂਦਾਂ ਦੀ ਸ਼ੱਕਰ
ਤੇ ਰੇਤੜ ‘ਚੋਂ ਚੁਗ ਲਏ
ਨੀਵਾਣਾਂ ਦੇ ਅੱਖਰ
ਤੁਲਸੀ ਦੀ ਮਹਿਕਰ ਨੂੰ
ਅੱਗ ‘ਚੋਂ ਲੰਘਾਅ ਕੇ
ਜੀਹਨੇ ਸਾਂਭ ਰੱਖਿਆ ਹੈ
ਨੈਣੀਂ ਸਜਾਅ ਕੇ।

ਜੀਹਦੇ ਰਕਤ ਵਿੱਚ
ਇੱਕ ਤਲਿੱਸਮ ਰਵਾਂ ਹੈ
ਜੀਹਦੇ ਕੋਲ ਸਿਰਜਣ ਦੀ
ਸ਼ਕਤੀ ਅਥਾਹ ਹੈ
ਜੀਹਦੀ ਹਿੱਕ ‘ਚ ਕੌਸਰ
ਨਦੀ ਦਾ ਵਹਾਅ ਹੈ
ਤੇ ਮਾਂ ਵੀ ਤਾਂ ਇਸੇ
ਵਹਾਅ ਦਾ ਹੀ ਨਾਂ ਹੈ।

ਜੋ ਕਾਦਰ ਦੇ ਪੋਟੇ ਦੀ
ਨੰਗੀ ਲਿਖਾਈ
ਉਹ ਕਾਸ਼ਨੀ ਜਾਦੂ ਹੀ
ਔਰਤ ਕਹਾਈ ।
ਉਹ ਜੰਗਲ ਨਾ’ ਲਗਦੇ
ਤਲਾਬਾਂ ਦੀ ਜਾਈ
ਜੋ ਸਾਵੀ ਸਲਤਨਤ ‘ਚ
ਭਟਕਣ ਸੀ ਆਈ।


Leave a Reply