Punjabi Poetry

Harmanjeet Singh – Jo rete ch rach gye


ਜੋ ਰੇਤੇ ‘ਚ ਰਚ ਗਏ

ਜੋ ਰੇਤੇ ‘ਚ ਰਚ ਗਏ ਨੇ
ਹੱਡਾਂ ਦੇ ਟੁਕੜੇ
ਜੋ ਬਣ ਗਏ ਵਰੋਲੇ
ਗੁਲਾਬੀ ਜਏ ਮੁਖੜੇ
ਉਹ ਨਵਿਆਂ ਆਕਾਰਾਂ ‘ਚ
ਢਲਦੇ ਹੀ ਰਹਿਣੇ ।
ਇਹ ਚੱਕਰ ਅਨੋਖੇ ਨੇ
ਚਲਦੇ ਹੀ ਰਹਿਣੇ ।

ਮੈਂ ਗੱਦੀਆਂ ਤੇ ਬਿਸਤਰ,
ਪੁਸ਼ਾਕਾਂ ਤੋਂ ਪੁੱਛਿਆ
ਮੈਂ ਹੀਰਾਂ ਤੋਂ ਪੁੱਛਿਆ
ਮੈਂ ਚਾਕਾਂ ਤੋਂ ਪੁੱਛਿਆ
ਉਹ ਕਹਿੰਦੇ ਕਿ ਬੂਟੇ ਤਾਂ
ਫਲਦੇ ਹੀ ਰਹਿਣੇ।
ਇਹ ਚੱਕਰ ਅਨੋਖੇ ਨੇ,
ਚਲਦੇ ਹੀ ਰਹਿਣੇ।

ਇਹ ਗੁੰਦੀਆਂ ਜੋ ਗੁੱਤਾਂ
ਇਹ ਲਮਕਣ ਪਰਾਂਦੇ
ਇਹ ਕਿੱਥੋਂ ਸੀ ਆਏ
ਇਹ ਕਿੱਧਰ ਨੂੰ ਜਾਂਦੇ ?
ਇਹ ਮੌਸਮ ਨੇ ਮੌਸਮ ਤਾਂ
ਟਲ਼ਦੇ ਹੀ ਰਹਿਣੇ ।
ਇਹ ਚੱਕਰ ਅਨੋਖੇ ਨੇ
ਚਲਦੇ ਹੀ ਰਹਿਣੇ ।

ਸੀ ਲਾਈ ਜਵਾਨੀ
ਜਿਨ੍ਹਾਂ ਦੇ ਮੈਂ ਲੇਖੇ
ਉਹ ਚਾਦਰ ਦੇ ਤੋਤੇ
ਉਡਾ ਕੇ ਨੀਂ ਵੇਖੇ
ਸੰਦੂਕਾਂ ‘ਚ ਪਏ ਐਵੇਂ
ਗਲਦੇ ਹੀ ਰਹਿਣੇ
ਇਹ ਚੱਕਰ ਅਨੋਖੇ ਨੇ
ਚਲਦੇ ਹੀ ਰਹਿਣੇ ।

ਜਿਨ੍ਹਾਂ ਸਿਰ ‘ਤੇ ਛੱਤ ਨੀਂ
ਨਾ ਪੈਰਾਂ ਚ ਜੋੜੇ
ਜੋ ਫਿਰ ਵੀ ਭਜਾਉਂਦੇ ਨੇ
ਉਮਰਾਂ ਦੇ ਘੋੜੇ
ਉਹ ਭੁੱਖਾਂ ‘ਤੇ ਤੇਹਾਂ ‘ਚ
ਪਲਦੇ ਹੀ ਰਹਿਣੇ
ਇਹ ਚੱਕਰ ਅਨੋਖੇ ਨੇ
ਚਲਦੇ ਹੀ ਰਹਿਣੇ ।

ਮੈਨੂੰ ਆਕੇ ਪੁੱਛਦੀ ਸੀ
ਮਜ਼ਹਬ ਦੀ ਟੋਲੀ
ਤੂੰ ਲਿਖਣਾ ਕਿਉਂ ਚਾਹੁੰਨੈਂ
ਦਰੱਖਤਾਂ ਦੀ ਬੋਲੀ
ਇਹ ਕਾਸ਼ੀ ਬਨਾਰਸ ਤਾਂ
ਬਲ਼ਦੇ ਹੀ ਰਹਿਣੇ
ਇਹ ਚੱਕਰ ਅਨੋਖੇ ਨੇ
ਚਲਦੇ ਹੀ ਰਹਿਣੇ ।