Punjabi Poetry

Omkar Sood – Buri sangat


ਬੁਰੀ ਸੰਗਤ

ਇੱਕ ਵਾਰ ਦੀ ਗੱਲ ਸੁਣਾਵਾਂ
ਬੜੇ ਠਰ੍ਹੰਮੇ ਨਾਲ।
ਇੱਕ ਆਦਮੀ ਵਿਹਲਾ ਰਹਿੰਦਾ,
ਨਾ ਕਰਦਾ ਕੋਈ ਕਾਰ।
ਦਿਨੇ-ਰਾਤ ਉਹ ਰੁੱਝਿਆ ਰਹਿੰਦਾ,
ਪੀਵਣ ਵਿੱਚ ਸ਼ਰਾਬ।
ਜੂਆ ਖੇਡਣਾ ਆਦਤ ਉਹਦੀ,
ਬਣੇ ਜੁਆਰੀ ਯਾਰ।
ਦਿਨੇ-ਰਾਤ ਉਹ ਜੂਆ ਖੇਲੇ,
ਬਣ ਕੇ ਬਹੁ ਹੁਸ਼ਿਆਰ।
ਇੱਕ ਦਿਨ ਬੱਚਿਓ ਜਿਤੇ ਉਹਨੇ,
ਦਮੜੇ ਕਈ ਹਜ਼ਾਰ।
ਉਸਦੇ ਜੀਵਨ ਦੀ ਬਗੀਆ ਵਿੱਚ,
ਆ ਗਈ ਨਵੀਂ ਬਹਾਰ।
ਹੋ ਗਏ ਪਰ ਕੰਗਾਲ ਓਸਦੇ,
ਬਾਕੀ ਮਿੱਤਰ ਯਾਰ।
ਉਨ੍ਹਾਂ ਨੂੰ ਨਾ ਜਰਾ ਵੀ ਭਾਈ,
ਹੋਈ ਆਪਣੀ ਹਾਰ।
ਉਨ੍ਹਾਂ ਸੋਚਿਆ ਖੋਹ ਕੇ ਮਾਇਆ,
ਇਸ ਨੂੰ ਦੇਈਏ ਮਾਰ।
ਧੋਖੇ ਨਾਲ ਉਹਨੂੰ ਲੈ ਕੇ ਪਹੁੰਚੇ,
ਜੰਗਲਾਂ ਦੇ ਵਿਚਕਾਰ।
ਪਰ ਉਸ ਭਲੇ ਲੋਕ ਦੇ ਦਿਲ ਵਿੱਚ,
ਨਾ ਸੀ ਕੋਈ ਵਿਚਾਰ-
ਕਿ ਉਸ ਦੇ ਮਿੱਤਰਾਂ ਨੇ ਉਸਨੂੰ,
ਸੱਚੀਂ ਦੇਣਾ ਮਾਰ।
ਜੰਗਲ ਦੇ ਵਿੱਚ ਜਾ ਕੇ ਮਿੱਤਰਾਂ,
ਖਿੱਚ ਲਈ ਤਲਵਾਰ।
ਪਹਿਲਾਂ ਮਾਲ ਖੋਹ ਲਿਆ ਉਸ ਤੋਂ,
ਪਿੱਛੋਂ ਦਿੱਤਾ ਮਾਰ।
ਉਸ ਨੇ ਖੱਟਿਆ ਕੀ ਜੂਏ ‘ਚੋਂ,
ਹੋ ਗਿਆ ਤਾਰੋ-ਤਾਰ।
ਉੱਘ-ਸੁੱਘ ਨਾ ਨਿਕਲੀ ਉਸਦੀ,
ਭੁੱਲ ਗਿਆ ਸੰਸਾਰ।