Omkar Sood – Chann Sitaare
1
ਚੰਨ-ਸਿਤਾਰੇ ਅੰਬਰ ਉੱਤੇ,
ਰਾਤ ਪਈ ਤੋਂ ਚੜ੍ਹਦੇ।
ਦੂਈ-ਦਵੈਤ ਨਾ- ਤੂੰ-ਤੂੰ, ਮੈਂ-ਮੈਂ,
ਨਾ ਹੀ ਝਗੜਾ ਕਰਦੇ।
ਇੱਕ ਦੂਜੇ ਨੂੰ ਜਿੰਦ-ਜਾਨ ਤੋਂ-
ਕਰਦੇ ਵੱਧ ਮੁਹੱਬਤ,
ਦਿਲ ਦੇ, ਮਨ ਦੇ ਸੱਚੇ-ਸੁੱਚੇ,
ਪਿਆਰ ਦੀ ਹਾਮੀ ਭਰਦੇ।
2
ਚੰਨ-ਸਿਤਾਰੇ ਅੰਬਰ ਉੱਤੇ,
ਗਾਉਣ ਪਏ ਕਵਿਤਾਵਾਂ।
ਜੀ ਕਰਦੈ ਮੈਂ ਮਾਰ ਉਡਾਰੀ,
ਕੋਲ ਇਨ੍ਹਾਂ ਦੇ ਜਾਵਾਂ।
ਆਖਾਂ ਮੈਨੂੰ ਹੋਰ ਸੁਣਾਓ-
ਪਿਆਰ ਭਰੇ ਇਹ ਨਗ਼ਮੇਂ!
ਨਾਲ ਇਨ੍ਹਾਂ ਦੇ ਰਲਕੇ ਮੈਂ ਵੀ,
ਗੀਤ ਪਿਆਰ ਦੇ ਗਾਵਾਂ।
3
ਚੰਨ-ਸਿਤਾਰੇ ਅੰਬਰ ਉੱਤੇ,
ਖਿੜਦੇ ਵਾਕੁਰ ਫੁੱਲਾਂ।
ਹਾਸਾ ਹਰਦਮ ਟਿਕਿਆ ਰਹਿੰਦਾ,
ਸਦਾ ਇਨ੍ਹਾਂ ਦਿਆਂ ਬੁੱਲ੍ਹਾਂ।
ਰੋਣਾ ਤਾਂ ਇਹ ਮੂਲ ਨਾ ਜਾਨਣ,
ਨਾ ਇਹ ਜਾਨਣ ਲੜਨਾ!
ਨਾ ਇਹ ਚੋਰੀ-ਠੱਗੀ ਵਰਗੀਆਂ,
ਕਰਨ ਕਦੇ ਵੀ ਭੁੱਲਾਂ।
4
ਚੰਨ-ਸਿਤਾਰੇ ਅੰਬਰ ਉੱਤੇ,
ਕਰਦੇ ਤੋਰਾ-ਫੇਰਾ।
ਸਭਨਾਂ ਦਾ ਸਾਡਾ ਅੰਬਰ ਸਾਂਝਾ!
ਨਾ ਤੇਰਾ, ਨਾ ਮੇਰਾ।
ਨਾ ਹੱਦਾਂ, ਨਾ ਵੱਟਾਂ ਬੰਨੇ,
ਨਾ ਨਫ਼ਰਤ ਦੀਆਂ ਕੰਧਾਂ!
ਫੁੱਲਾਂ ਵਰਗਾ ਪਿਆਰ ਇਨ੍ਹਾਂ ਦਾ,
ਪਰਬਤ ਵਰਗਾ ਜੇਰਾ।
5
ਚੰਨ-ਸਿਤਾਰੇ ਅੰਬਰ ਉੱਤੇ,
ਛੁਪਦੇ ਬੱਦਲਾਂ ਓਹਲੇ।
ਪਸਰ ਜਾਏ ਤਦ ਘੁੱਪ ਹਨ੍ਹੇਰਾ,
ਰਾਤੀਂ ਉੱਲੂ ਬੋਲੇ।
ਘੁੱਪ ਹਨ੍ਹੇਰਾ ਦੂਰ ਹੋਂਵਦਾ,
ਬੱਦਲ ਜਦ ਫਟ ਜਾਂਦੇ!
ਨਿੰਮ੍ਹਾ-ਨਿੰਮ੍ਹਾ ਚੌਹੀਂ ਪਾਸੀਂ,
ਚਾਨਣ ਅੱਖਾਂ ਖੋਲ੍ਹੇ।
6
ਚੰਨ-ਸਿਤਾਰੇ ਅੰਬਰ ਉੱਤੇ,
ਫ਼ੌਜ ਬਣਾ ਕੇ ਆਉਂਦੇ।
ਨਾ ਮਜ੍ਹਬੀ, ਨਾ ਧਰਮੀਂ-
ਇਹ ਤਾਂ ਚੰਨ-ਤਾਰੇ ਅਖਵਾਉਂਦੇ।
ਅਸੀਂ ਨਾ ਪਰ ਇਨ੍ਹਾਂ ਤੋਂ ਸਿਖਦੇ,
ਇੱਕ-ਮੁੱਠ ਹੋ ਕੇ ਰਹਿਣਾ!
ਅਸੀਂ ਤਾਂ ਹਿੰਦੂ-ਸਿੱਖ-ਈਸਾਈ,
ਮੁਸਲਿਮ ਸਭ ਸਦਾਉਂਦੇ।
7
ਚੰਨ-ਸਿਤਾਰੇ ਅੰਬਰ ਉੱਤੇ,
ਰਾਤੀਂ ਕਰਨ ਕਲੋਲਾਂ।
ਦਿਨ ਚੜ੍ਹਦੇ ਨੂੰ ਨਜ਼ਰ ਨਾ ਆਵਣ,
ਆਸੇ-ਪਾਸੇ ਟੋਲਾਂ।
ਸਾਨੂੰ ਮਹਿਕਾਂ ਵੰਡਣ ਰਾਤੀਂ,
ਚੰਨ-ਸਿਤਾਰੇ ਆਉਂਦੇ!
ਦਿਨ ਵੇਲੇ ਇਹ ਜਾ ਸੌਂਦੇ ਨੇ!
ਕੋਲ ਆਪਣੇ ਢੋਲਾਂ।
8
ਚੰਨ-ਸਿਤਾਰੇ ਅੰਬਰ ਉੱਤੇ,
ਲੱਗਣ ਬਹੁਤ ਪਿਆਰੇ।
ਭਿੰਨੀ-ਭਿੰਨੀ ਲੋਅ ਇਨ੍ਹਾਂ ਦੀ,
ਤਪੇ ਦਿਲਾਂ ਨੂੰ ਠਾਰੇ।
ਆਵੋ ਬਣੀਏ ਚੰਨ-ਸਿਤਾਰੇ,
ਭਾਰਤ ਦੀ ਧਰਤੀ ‘ਤੇ!
ਮਹਿਕ ਪਿਆਰ ਦੀ ਸਭ ਨੂੰ ਵੰਡੀਏ,
ਕੱਢ ਦਿਲਾਂ ‘ਚੋਂ ਸਾੜੇ।
9
ਚੰਨ-ਸਿਤਾਰੇ ਅੰਬਰ ਉੱਤੇ,
ਕਰਦੇ ਨਹੀਂ ਖਰਾਬੀ।
ਨਿੱਕੇ-ਵੱਡੇ ਸਾਰੇ ਤਾਰੇ,
ਜਗਦੇ ਵਾਂਗ ਮਤਾਬੀ।
ਕਾਲੇ ਨੇਰ੍ਹੇ ਦੂਰ ਭਜਾਉਂਦੇ,
ਵੰਡ-ਵੰਡ ਕੇ ਲੋਆਂ!
ਆਪਣੇ ਪਿਆਰ ਦੀ ਮਸਤੀ ਅੰਦਰ,
ਹੋਏ ਰਹਿਣ ਸ਼ਰਾਬੀ।
10
ਚੰਨ-ਸਿਤਾਰੇ ਅੰਬਰ ਉੱਤੇ,
ਬਹਿ ਕੇ ਸਾਰੇ ‘ਕੱਠੇ।
ਆਪਸ ਦੇ ਵਿੱਚ ਮਿੱਠੇ-ਮਿੱਠੇ,
ਕਰਦੇ ਹਾਸੇ-ਠੱਠੇ।
ਕਰਕੇ ‘ਠੱਠਾ’ ਨਿੱਕਾ ਤਾਰਾ,
ਭੱਜ ਜਾਵੇ ਚੰਨ ਵੰਨੀ!
ਵੱਡਾ ਤਾਰਾ ‘ਖੜ੍ਹਜਾ’ ਕਹਿ ਕੇ,
ਉਸ ਦੇ ਪਿੱਛੇ ਨੱਠੇ।
11
ਚੰਨ-ਸਿਤਾਰੇ ਅੰਬਰ ਉੱਤੇ,
ਫਿਰਦੇ ਨਹੀਂ ਅਵਾਰਾ।
ਚੰਦਾ-ਮਾਮਾ ਬਾਤਾਂ ਪਾਵੇ,
ਤਾਰੇ ਭਰਨ ਹੁੰਗਾਰਾ।
ਜੀ ਕਰਦੈ ਮੈਂ ਤਾਰਾ ਬਣਕੇ,
ਪਹੁੰਚਾਂ ਵਿੱਚ ਅਸਮਾਨੀ!
ਮੈਨੂੰ ਵੀ ਕੋਈ ਬਾਤ ਸੁਣਾਊ,
ਮਾਮਾ ‘ਚੰਨ’ ਪਿਆਰਾ।
12
ਚੰਨ-ਸਿਤਾਰੇ ਅੰਬਰ ਉੱਤੇ,
ਜਦੋਂ ਸਕੂਲੇ ਆਉਂਦੇ।
ਇੱਕ-ਦੂਜੇ ਦੀਆਂ ਭੁੱਲ ਕੇ ਵੀ ਨਾ,
ਕਦੇ ਸ਼ਿਕਾਇਤਾਂ ਲਾਉਂਦੇ।
ਚੰਦਾ-ਮਾਮਾ ‘ਮਾਸਟਰ’ ਬਣਕੇ-
ਤਾਰਿਆਂ ਤਾਈਂ ਪੜ੍ਹਾਵੇ!
ਬੀਬੇ ਤਾਰੇ ਚੰਨ ਮਾਸਟਰ ਨੂੰ,
ਉੱਕਾ ਨਹੀਂ ਸਤਾਉਂਦੇ।
13
ਚੰਨ-ਸਿਤਾਰੇ ਅੰਬਰ ਉੱਤੇ,
ਕਦੇ ਨਾ ਕਰਨ ਲੜਾਈਆਂ।
ਇੱਕ-ਦੂਜੇ ਦਾ ਦਰਦ ਵੰਡਾਉਂਦੇ,
ਰਹਿੰਦੇ ਵਾਕੁਰ ਭਾਈਆਂ।
ਰੱਬ-ਸਬੱਬੀਂ ਜੇ ਕੋਈ ਤਾਰਾ,
ਇਨ੍ਹਾਂ ਵਿੱਚੋਂ ਟੁੱਟੇ!
ਲੀਕ ਪਵੇ ਅੰਬਰ ‘ਤੇ ਜਿੱਦਾਂ,
ਦਿੰਦੇ ਹੋਣ ਦੁਹਾਈਆਂ।
14
ਚੰਨ-ਸਿਤਾਰੇ ਅੰਬਰ ਉੱਤੇ,
ਬਹਿ ਕੇ ਕਰਨ ਵਿਚਾਰਾਂ।
ਧਰਤੀ ਉੱਤੇ ਕਿਹੜੀ ਗੱਲੋਂ,
ਚੱਲਣ ਛੁਰੇ-ਕਟਾਰਾਂ।
ਮਿੱਟੀ ਪਾਣੀ ਅੰਨ ਕੁਦਰਤ ਦਾ,
ਕੁਦਰਤ ਦੇ ਸਭ ਬੰਦੇ!
ਫਿਰ ਇਹ ਕਾਹਤੋਂ ਇੱਕ-ਦੂਜੇ ਲਈ,
ਲਿਹਰਾਵਣ ਤਲਵਾਰਾਂ ?
15
ਚੰਨ-ਸਿਤਾਰੇ ਅੰਬਰ ਉੱਤੇ,
ਕਰਨ ਡਿਉਟੀ ਆਉਂਦੇ।
ਹਨ ਪਾਬੰਦ ਸਮੇਂ ਦੇ ਸੁਹਣੇ,
ਸਭਨਾਂ ਦੇ ਮਨ ਭਾਉਂਦੇ।
ਨਾ ਅੱਕਦੇ, ਨਾ ਥੱਕਦੇ ਇਹ ਤਾਂ,
ਬੜੇ ਸਿਦਕ ਦੇ ਪੱਕੇ!
ਗਰਮੀ ਸਰਦੀ ਮੌਸਮ ਦੇ ਵਿੱਚ,
ਗੀਤ ਪਿਆਰ ਦੇ ਗਾਉਂਦੇ।
16
ਚੰਨ-ਸਿਤਾਰੇ ਅੰਬਰ ਉੱਤੇ,
ਗੱਲਾਂ ਬਾਤਾਂ ਕਰਦੇ।
ਭੋਰਾ ਨਾ ਇਹ ਸ਼ੋਰ ਮਚਾਉਂਦੇ,
ਨਾ ਹੀ ਬੀਬੇ ਲੜਦੇ।
ਨਿੱਕੇ-ਵੱਡੇ ‘ਕੱਠੇ ਬਹਿ ਕੇ,
ਕਰਨ ਪਿਆਰ ਦੀਆਂ ਗੱਲਾਂ!
ਇੱਕ-ਦੂਜੇ ਨੂੰ ਵੇਖ-ਵੇਖ ਕੇ,
ਨਾ ਕੁੜ੍ਹਦੇ-ਨਾ ਸੜਦੇ।
17
ਚੰਨ-ਸਿਤਾਰੇ ਅੰਬਰ ਉੱਤੇ,
ਸੋਨ-ਸੁਨਹਿਰੀ ਜਾਪਣ।
ਆਸਮਾਨ ਦੀ ਛੱਤੜੀ ਵਿੱਚੋਂ,
ਗੰਗਾ ਦੇ ਵਿੱਚ ਝਾਕਣ।
ਗੰਗਾ ਮਾਂ ਦੇ ਗਰਭ ਕੁੰਡ ਵਿੱਚ,
ਸੌਂ ਕੇ ਚੰਨ-ਸਿਤਾਰੇ!
ਸੂਰਜ ਦੀ ਟਿੱਕੀ ਦੇ ਚੜ੍ਹਦੇ,
ਆਪਣਾ ਰਸਤਾ ਨਾਪਣ।
18
ਚੰਨ-ਸਿਤਾਰੇ ਅੰਬਰ ਉੱਤੇ,
ਝੁੰਡ ਬਣਾ ਕੇ ਰਹਿੰਦੇ।
ਇੱਕ-ਦੂਜੇ ਦਾ ਦਰਦ ਵੰਡਾਉਂਦੇ,
ਵਾਂਗ ਭਰਾਵਾਂ ਬਹਿੰਦੇ।
ਨਾਲ ਪਿਆਰ ਦੇ ਰਹਿਣਾ ਯਾਰੋ,
ਇਨ੍ਹਾਂ ਕੋਲੋਂ ਸਿੱਖੋ!
ਧਰਤੀ ਦੇ ਬੰਦਿਓ ਵੇ ਕਾਹਤੋਂ,
ਆਪਸ ਦੇ ਵਿੱਚ ਡਹਿੰਦੇ ?
19
ਚੰਨ-ਸਿਤਾਰੇ ਅੰਬਰ ਉੱਤੇ,
ਹੱਸਦੇ ਨਜ਼ਰੀਂ ਆਉਂਦੇ।
ਟਿਮਟਿਮਾਉਂਦੇ ਜੁਗਨੂੰਆਂ ਵਾਂਗੂੰ,
ਮੇਰੇ ਮਨ ਨੂੰ ਭਾਉਂਦੇ।
ਕਰਨੀਆਂ ਚਾਹਾਂ ਨਾਲ ਇਨ੍ਹਾਂ ਦੇ,
ਜਦ ਮੈਂ ਗੱਲਾਂ-ਬਾਤਾਂ!
ਝਿਲਮਿਲ-ਝਿਲਮਿਲ ਕਰਕੇ ਮੈਨੂੰ,
ਦਿਲ ਦੀ ਗੱਲ ਸਮਝਾਉਂਦੇ।
20
ਚੰਨ-ਸਿਤਾਰੇ ਅੰਬਰ ਉੱਤੇ,
ਹੁੰਦੇ ਨਹੀਂ ਉਦਾਸ।
ਚੰਦਾ-ਮਾਮਾ ਤੁਰ ਜਾਂਦਾ ਜਦ,
ਆਪਣੀ ਮਈਆ ਪਾਸ।
ਸਾਰੇ ਤਾਰੇ ‘ਕੱਠੇ ਹੋ ਕੇ,
ਕਹਿੰਦੇ ਚੰਦਾ ਮਾਮਾ!
ਮੱਸਿਆ ਨਾਨੀ ਜੀ ਤੋਂ ਸਾਨੂੰ,
ਲਿਆ ਕੇ ਦੇਈਂ ਵਿਸ਼ਵਾਸ।
21
ਚੰਨ-ਸਿਤਾਰੇ ਅੰਬਰ ਉੱਤੇ,
ਮੋਤੀ ਬਹੁ ਅਣਮੁੱਲੇ।
ਆਸਮਾਨ ਵਿੱਚ ਘੁੰਮ ਰਹੇ ਨੇ,
ਸਾਰੇ ਖੁਲ੍ਹਮ-ਖੁਲ੍ਹੇ।
ਨਾ ਹੱਦਾਂ ਸਰਹੱਦਾਂ ਉੱਥੇ,
ਨਾ ਨਫ਼ਰਤ ਦੀਆਂ ਕੰਧਾਂ!
ਬੇ-ਖਬਰੇ ਬੇਬਾਕ ਪਿਆਰੇ,
ਲੁੱਟ ਰਹੇ ਨੇ ਬੁੱਲੇ।
22
ਚੰਨ-ਸਿਤਾਰੇ ਅੰਬਰ ਉੱਤੇ,
ਆਉਂਦੇ ਜਿੱਦਾਂ ਮੇਲੇ।
ਆਪਣੇ ਜੋਬਨ ਉੱਤੇ ਹੁੰਦੇ,
ਇਹ ਤਾਂ ਅੰਮ੍ਰਿਤ ਵੇਲੇ।
ਸੂਰਜ ਦੀ ਇੱਕ ਲਿਸ਼ਕ ਨਾਲ ਹੀ,
ਹਫ਼ੜਾ-ਦਫ਼ੜੀ ਪੈਂਦੀ!
ਸਾਰੇ ਘਰਾਂ ਨੂੰ ਭੱਜ ਜਾਂਦੇ ਨੇ,
ਚੰਨ-ਮਾਮੇਂ ਦੇ ਚੇਲੇ।
23
ਚੰਨ-ਸਿਤਾਰੇ ਅੰਬਰ ਉੱਤੇ,
ਬਹੁ ਭਾਂਤੀ, ਬਹੁ ਰੰਗੇ।
ਉੱਥੇ ਰਹਿੰਦੇ ਸਪਤ ਰਿਸ਼ੀ-
ਤੇ ਧਰੁਵ ਭਗਤ ਬਹੁ ਚੰਗੇ।
ਉੱਥੇ ਪੂਛਲ ਤਾਰੇ ਦੇ ਵੀ,
ਦਰਸ਼ਨ ਹੁੰਦੇ ਰਹਿੰਦੇ!
ਸਾਰੇ ‘ਕੱਠੇ ਜਾਪਣ ਸਾਨੂੰ
ਜਿੱਦਾਂ ਹੋਣ ਪਤੰਗੇ।
24
ਚੰਨ-ਸਿਤਾਰੇ ਅੰਬਰ ਉੱਤੇ,
ਪਾਉਂਦੇ ਨਹੀਂ ਉਜਾੜਾ।
ਚੰਨ-ਮਾਮੇ ਤੋਂ ਲੈਣ ਸਿੱਖਿਆ,
ਕੰਮ ਕਰਨ ਨਾ ਮਾੜਾ।
ਅਲਖ ਨਿਰੰਜਣ ਕਹਿ ਕੇ ਰੱਬ ਤੋਂ,
ਭੀਖ ਪਿਆਰ ਦੀ ਮੰਗਣ!
ਕਹਿੰਦੇ ਰੱਬਾ ਪਿਆਰ ਹੀ ਦੇਵੀਂ,
ਦੇਈਂ ਕਦੇ ਨਾ ਸਾੜਾ।
25
ਚੰਨ-ਸਿਤਾਰੇ ਅੰਬਰ ਉੱਤੇ,
ਰਾਤਾਂ ਖੂਬ ਮਨਾਉਂਦੇ।
ਸੁਬਹ-ਸਵੇਰੇ ਮੁੜ ਜਾਂਦੇ ਨੇ,
ਜਦ ਸੂਰਜ ਜੀ ਆਉਂਦੇ।
ਸੂਰਜ ਦਿਨ ਭਰ ਗਸ਼ਤ ਲਗਾ ਕੇ,
ਮੁੜ ਆਪਣੇ ਘਰ ਜਾਂਦਾ!
ਚੰਨ-ਸਿਤਾਰੇ ਮੁੜ ਕੇ ਅੰਬਰੀਂ,
ਆਪਣੇ ਪੱਬ ਟਿਕਾਉਂਦੇ।
26
ਚੰਨ-ਸਿਤਾਰੇ ਅੰਬਰ ਉੱਤੇ,
ਵਦੀ-ਸੁਦੀ ਵਿੱਚ ਜੀਂਦੇ।
ਜੋ ਮਿਲ ਜਾਵੇ ਰੁੱਖਾ-ਮਿੱਸਾ,
ਉਹੀ ਖਾਂਦੇ ਪੀਦੇ।
ਨਾ ਚਾਹੁੰਦੇ ਇਹ ਮੀਟ-ਸ਼ਰਾਬਾਂ,
ਨਾ ਉੱਚੇ ਪਕਵਾਨ!
ਅੱਲਾ ਦਾ ਨਾਂ ਲੈਂਦੇ-
ਇਹ ਤਾਂ ਭੋਲੇ ਭਗਤ ਸਦੀਂਦੇ।
27
ਚੰਨ-ਸਿਤਾਰੇ ਅੰਬਰ ਉੱਤੇ,
ਕਰਦੇ ਨਹੀਉਂ ਸਾੜਾ।
ਜਦੋਂ ਚੜ੍ਹੇ ਕੋਈ ਪੂਛਲ-ਤਾਰਾ,
ਮੰਨਦੇ ਨਹੀਉਂ ਮਾੜਾ।
ਧਰਤੀ ‘ਤੇ ਤਾਂ ਪੂਛਲ-ਤਾਰਾ,
ਤੱਕ ਕੇ ਹੋਣ ਵਿਚਾਰਾਂ!
ਪਰ ਇਨ੍ਹਾਂ ਦੇ ਮਨ ਮੰਦਰ ਵਿੱਚ,
ਨਾ ਨਫ਼ਰਤ ਦਾ ਪਾੜਾ।
28
ਚੰਨ-ਸਿਤਾਰੇ ਅੰਬਰ ਉੱਤੇ,
ਬਾਲ-ਸਾਹਿਤ ਦੇ ਪਾਤਰ।
ਉੱਘੇ ਕਵੀ-ਲਿਖਾਰੀ ਸਾਰੇ,
ਕਰਨ ਇਨ੍ਹਾਂ ਦੀ ਖਾਤਿਰ।
ਇਹ ਤਾਂ ਭੋਲ-ਭੰਡਾਰੀ ਸਾਰੇ,
ਆਸਮਾਨ ਦੇ ਵਾਸੀ!
ਕੋਈ ਇਨ੍ਹਾਂ ਨੂੰ ਕਹਿ ਨਹੀਂ ਸਕਦਾ,
ਬੇ-ਗਰਜੇ, ਬਹੁ ਚਾਤਰ।
29
ਚੰਨ-ਸਿਤਾਰੇ ਅੰਬਰ ਉੱਤੇ,
ਦੀਪਾਵਲੀ ਮਨਾਉਂਦੇ।
ਇਧਰੋਂ ਛੱਡੀ ਆਤਸ਼ਬਾਜੀ,
ਉੱਪਰ ਗਈ ਬੁਝਾਉਂਦੇ।
ਕਹਿੰਦੇ ਯਾਰੋ ਨਾ ਚਲਾਓ,
ਬੰਬ-ਪਟਾਕੇ ਜ਼ਹਿਰੀ!
ਐਵੇਂ ਧਰਤੀ ਉੱਤੇ ਕਾਹਤੋਂ,
ਪ੍ਰਦੂਸ਼ਣ ਹੋਰ ਵਧਾਉਂਦੇ।
30
ਚੰਨ-ਸਿਤਾਰੇ ਅੰਬਰ ਉੱਤੇ,
ਬੇ-ਗਿਣਤੀ ਬੇ-ਥਾਹ।
ਤਾਰੇ ਝੁੰਡ ਬਣਾ ਕੇ ਤੁਰਦੇ,
ਚੰਦਾ ਦੱਸੇ ਰਾਹ।
ਨਿੱਕੇ ਤਾਰੇ ਚੰਨ ਦੇ ਮੋਢੀਂ-
ਚੜ੍ਹਦੇ ਮਾਰ ਪਲਾਕੀ!
ਚੰਨ ਪਿਆਰਾ ਹੱਸ ਕੇ ਕਹਿੰਦਾ-
‘ਬੱਲੇ! ਵਾਹ ਬਈ ਵਾਹ!!!’
31
ਚੰਨ-ਸਿਤਾਰੇ ਅੰਬਰ ਉੱਤੇ,
ਮਿੱਤਰ ਬਹੁਤ ਪਿਆਰੇ।
ਪਾ ਗਲਵੱਕੜੀ ਹੱਸਦੇ ਰਹਿੰਦੇ,
ਇਹ ਸਾਰੇ ਦੇ ਸਾਰੇ।
ਆਪਣੇ ਮੱਥੇ ਵਿੱਚੋਂ ਇਹ ਤਾਂ,
ਚਮਕਾਂ ਸਭ ਨੂੰ ਦਿੰਦੇ!
ਸਭ ਨੂੰ ਲੈਦੇ ਮੋਹ ਮਹਿਕੀਲੇ,
ਸਭ ਦੇ ਰਾਜ ਦੁਲਾਰੇ।
32
ਚੰਨ-ਸਿਤਾਰੇ ਅੰਬਰ ਉੱਤੇ,
ਨਿੱਕੇ-ਵੱਡੇ ਮੋਤੀ।
ਆਸਮਾਨ ਦੀ ਗੋਦੀ ਅੰਦਰ,
ਜਗਦੇ ਵਾਂਗਰ ਜੋਤੀ।
ਲੱਖ ਹਨੇਰੀ ਝੱਖੜ ਝੁੱਲੇ,
ਲੱਖ ਆਫ਼ਤਾਂ ਆਈਆਂ!
ਪਰ ਇਹ ਨਿੱਡਰ ਫ਼ੌਜ ਅੰਬਰੀਂ,
ਜਿਉਂ ਦੀ ਤਿਉਂ ਖਲੋਤੀ।
33
ਚੰਨ-ਸਿਤਾਰੇ ਅੰਬਰ ਉੱਤੇ,
ਮਸਤੀ ਵੀ ਕੁਝ ਕਰਦੇ।
ਬੱਦਲਾਂ ਦੇ ਕੰਨੇੜੇ ਉੱਤੇ,
ਚੜ੍ਹਦੇ ਕਦੇ ਉੱਤਰਦੇ।
ਬੱਦਲ ਕਾਲ-ਕਲੂਟੇ ਭੈੜੇ,
ਖੁਦ ਸੁਹਣੇ ਬਣ ਜਾਂਦੇ!
ਜਦ ਉਹ ਚੰਨ ਤੇ ਤਾਰਿਆਂ ਮੂਹਰੇ,
ਪਾਣੀ ਵਾਂਗ ਵਿਚਰਦੇ।
34
ਚੰਨ-ਸਿਤਾਰੇ ਅੰਬਰ ਉੱਤੇ,
ਧਰਮੀ-ਕਰਮੀ ਰਾਜੇ।
ਦੁਨੀਆਂ ਸੁੰਦਰ-ਸੁੰਦਰ ਲੱਗੇ,
ਤਾਂ ਕੁਦਰਤ ਨੇ ਸਾਜੇ।
ਇਨ੍ਹਾਂ ਤਾਂਈ ਆਪ ਸਾਜ ਕੇ,
ਕੁਦਰਤ ਸੁਹਣੀ ਹੋਈ!
ਕੁਦਰਤ ਨੇ ਨਾ ਭੀੜੇ ਦਿਲ ਦੇ,
ਇਨ੍ਹਾਂ ਤੋਂ ਦਰਵਾਜੇ।
35
ਚੰਨ-ਸਿਤਾਰੇ ਅੰਬਰ ਉੱਤੇ,
ਉੱਪਰੋਂ ਝਾਤੀ ਮਾਰਨ।
ਧਰਤੀ ਦੇ ਦਰਿਆਵਾਂ ਅੰਦਰ,
ਆਪਣਾ ਅਕਸ ਨਿਹਾਰਨ।
ਦੁਨੀਆਂ ਭਰ ਦੇ ਨਦੀਆਂ, ਨਾਲੇ,
ਛੱਪੜ, ਟੋਭੇ, ਝਰਨੇ!
ਚੰਨ-ਤਾਰਿਆਂ ਨੂੰ ਖੁਸ਼ੀ-ਖੁਸ਼ੀ,
ਸਭ ਆਪਣੇ ਵਿੱਚ ਉਤਾਰਨ।
36
ਚੰਨ-ਸਿਤਾਰੇ ਅੰਬਰ ਉੱਤੇ,
ਦੰਗੇ ਮੂਲ ਨਾ ਕਰਦੇ।
ਧਰਤੀ ਦੇ ਦੰਗਈਆਂ ਵਾਂਗੂੰ,
ਬੇ-ਮੌਤੇ ਨਾ ਮਰਦੇ।
ਅਰਬਾਂ-ਖਰਬਾਂ ਦੀ ਗਿਣਤੀ ਵਿੱਚ,
ਹੋ ਜਾਂਦੇ ਨੇ ‘ਕੱਠੇ!
ਇੱਕ-ਦੂਜੇ ਨੂੰ ਜੱਫ਼ੀਆਂ ਪਾਉਂਦੇ,
ਦਮ ਪਿਆਰ ਦਾ ਭਰਦੇ।
37
ਚੰਨ-ਸਿਤਾਰੇ ਅੰਬਰ ਉੱਤੇ,
ਬਾਲਕ ਬੀਬੇ ਰਾਣੇ।
ਆਸਮਾਨ ਦੀ ਹਿਕੜੀ ਉੱਤੇ,
ਉੱਗੇ ਫੁੱਲ ਸਿਆਣੇ।
ਨਿੱਕੇ-ਵੱਡੇ ਜੁਗਨੂੰਆਂ ਵਰਗੇ,
ਰਾਹ ਦੁਨੀਆਂ ਨੂੰ ਦੱਸਦੇ!
ਗਗਨ ਥਾਲ ਦੇ ਮੋਤੀ,
ਇਹ ਤਾਂ ਸੁੱਚੇ ਫੁੱਲ ਮਖ਼ਾਣੇ।
38
ਚੰਨ-ਸਿਤਾਰੇ ਅੰਬਰ ਉੱਤੇ,
ਪਿਆਰ ਮੁਹੱਬਤ ਪੀਂਦੇ।
ਇੱਕ-ਦੂਜੇ ਲਈ ਮਰਦੇ ਇਹ ਤਾਂ,
ਇੱਕ ਦੂਜੇ ਲਈ ਜੀਂਦੇ।
ਲੂਤੀ ਲਾ ਕੇ ਤੋੜ-ਵਿਛੋੜਾ,
ਇਹ ਮੂਲੋਂ ਨਾ ਕਰਦੇ!
ਨਫ਼ਰਤ, ਤੂੰ-ਤੂੰ, ਮੈਂ-ਮੈਂ ਸਾਰੀ,
ਟੋਇਆਂ ਵਿੱਚ ਦਬੀਂਦੇ।
39
ਚੰਨ-ਸਿਤਾਰੇ ਅੰਬਰ ਉੱਤੇ,
ਭੌਹਾਂ ਨਹੀਂ ਚੜਾਉਂਦੇ।
ਮਾਤ ਲੋਕ ਦੇ ਬੰਦਿਆਂ ਵਾਂਗੂੰ,
ਗੁੱਸਾ ਨਹੀਂ ਵਖਾਉਂਦੇ।
ਇਹ ਤਾਂ ਸਾਨੂੰ ਦਿਲ ਦੇ ਅੰਦਰ,
ਪਿਆਰ ਵਸਾਉਣਾ ਦੱਸਣ!
ਬੰਦਾ, ਬੰਦੇ ਦਾ ਹੈ ਦਾਰੂ,
ਇਹੋ ਗੱਲ ਸਮਝਾਉਂਦੇ।
40
ਚੰਨ-ਸਿਤਾਰੇ ਅੰਬਰ ਉੱਤੇ,
ਨਹੀਂ ਕਿਸੇ ਤੋਂ ਡਰਦੇ।
ਤਾਹੀਉਂ ਇਹ ਸਟਾਰ ਕਹਾਉਂਦੇ,
ਪਰੀਆਂ ਦੇ ਅੰਬਰ ਦੇ।
ਵਿਹਲੇ ਬਹਿ ਕੇ ਸਮਾਂ ਗਵਾਉਣਾ,
ਇਨ੍ਹਾਂ ਨੂੰ ਨਾ ਆਂਦਾ!
ਇੱਕ-ਦੂਜੇ ਤੋਂ ਕੰਮ ਕਰਾਉਂਦੇ,
ਇੱਕ-ਦੂਜੇ ਦਾ ਕਰਦੇ।
41
ਚੰਨ-ਸਿਤਾਰੇ ਅੰਬਰ ਉੱਤੇ,
ਉਲਟੇ ਲਟਕੀ ਜਾਂਦੇ।
ਧਰਤੀ ਵੱਲ ਨੂੰ ਭੁੱਲ ਕੇ ਵੀ-
ਇਹ ਨਹੀਓਂ ਪੈਰ ਉਠਾਂਦੇ।
ਇਨ੍ਹਾਂ ਨੂੰ ਹੈ ਦੇਸ ਆਪਣਾ,
ਜਾਨੋ ਵੱਧ ਪਿਆਰਾ!
ਇਸ ਲਈ ਆਪਣਾ ਦੇਸ ਛੱਡ ਕੇ,
ਧਰਤੀ ‘ਤੇ ਨਾ ਆਂਦੇ।
42
ਚੰਨ-ਸਿਤਾਰੇ ਅੰਬਰ ਉੱਤੇ,
ਪਰੀ ਲੋਕ ਦੇ ਵਾਸੀ।
ਚਿਹਰੇ ਉੱਤੇ ਲੈ ਕੇ ਆਉਂਦੇ,
ਨਹੀਉਂ ਕਦੇ ਉਦਾਸੀ।
ਜਦ ਵੀ ਗ਼ਮ ਦੇ ਬੱਦਲ ਆਉਂਦੇ,
ਹੱਸ-ਹੱਸ ਕੇ ਸਹਿ ਜਾਂਦੇ!
ਹਰ ਮੱਸਿਆ ਦੇ ਪਿੱਛੋਂ ਆਉਂਦੀ,
ਸੁਹਣੀ ਪੂਰਨਮਾਸੀ।
43
ਚੰਨ-ਸਿਤਾਰੇ ਅੰਬਰ ਉੱਤੇ,
ਕਰਦੇ ਨਹੀਂ ਗੁਸਤਾਖੀ।
ਸਦੀਆਂ ਤੋਂ ਇਹ ਆਸਮਾਨ ਦੀ,
ਕਰਨ ਵਿਚਾਰੇ ਰਾਖੀ।
ਆਪਣੀ ਲੌ ਦੇ ਨਾਲ ਅੰਬਰੋਂ,
ਕਿਰਨਾਂ ਨੂੰ ਲਟਕਾਂਦੇ!
ਕਿਰਨਾਂ ਰਾਹੀਂ ਕਹਿ ਜਾਂਦੇ ਨੇ,
ਉਲਫ਼ਤ ਵਾਲੀ ਸਾਖੀ।
44
ਚੰਨ-ਸਿਤਾਰੇ ਅੰਬਰ ਉੱਤੇ,
ਗਾਉਂਦੇ ਰਾਗ ਇਲਾਹੀ।
ਮਾਨਵਤਾ ਨੂੰ ਦੇਣ ਸੰਦੇਸ਼ਾ-
ਇਹ ਅੰਬਰਾਂ ਦੇ ਰਾਹੀ।
ਏਕੇ ਵਾਲੀ ਤਾਕਤ ਨੂੰ,
ਇਹ ਕਹਿੰਦੇ ਵੱਡੀ ਤਾਕਤ!
ਇਸ ਤਾਕਤ ਨੂੰ ਤੋੜ ਸਕੇ ਨਾ,
ਜ਼ਾਲਮ ਨਾਦਰਸ਼ਾਹੀ।
45
ਚੰਨ-ਸਿਤਾਰੇ ਅੰਬਰ ਉੱਤੇ,
ਪੜ੍ਹਦੇ ਊੜਾ-ਆੜਾ।
ਸਭਨਾ ਦੇ ਲਈ ਚੰਗਾ ਸੋਚਣ,
ਨਾ ਕਿਸੇ ਲਈ ਮਾੜਾ।
ਅੰਬਰ ਉੱਤੋਂ ਝਾਤੀ ਪਾਵਣ,
ਪੂਰੀ ਦੁਨੀਆਂ ਉੱਤੇ!
ਸਭਨਾ ਉੱਤੇ ਨਜ਼ਰ ਘੁਮਾਉਂਦੇ,
ਕੀ ਅਨਪੜ੍ਹ-ਕੀ ਪਾੜ੍ਹਾ।
46
ਚੰਨ-ਸਿਤਾਰੇ ਅੰਬਰ ਉੱਤੇ,
ਕਰਦੇ ਝਿਲਮਿਲ-ਝਿਲਮਿਲ।
ਅੰਬਰ ‘ਤੇ ਇਹ ਫੁੱਲ ਟਹਿਕਦੇ,
ਦਿਲ ਦੇ ਸਾਰੇ ਨਿਰਛਲ।
ਕੌਣ ਇਨ੍ਹਾਂ ਦੀ ਨਕਲ ਕਰੂਗਾ!
ਕੌਣ ਇਨ੍ਹਾਂ ਦੀਆਂ ਰੀਸਾਂ!
ਪਿਆਰ ਇਨ੍ਹਾਂ ਦਾ ਸੱਚਾ-ਸੁੱਚਾ,
ਅੰਮ੍ਰਿਤ ਵਰਗਾ ਨਿਰਮਲ।
47
ਚੰਨ-ਸਿਤਾਰੇ ਅੰਬਰ ਉੱਤੇ,
ਸਭ ਨੂੰ ਪਿਆਰ ਪਰੋਸਣ।
ਕੰਨਪਟੀ ‘ਤੇ ਉਂਗਲੀ ਧਰਕੇ,
ਹਲਕਾ-ਹਲਕਾ ਸੋਚਣ।
ਸੋਚ-ਸਾਚ ਕੇ ਬੀਬੇ ਰਾਣੇ,
ਚੁੱਪ-ਚਾਪ ਬਹਿ ਜਾਂਦੇ!
ਦੁਨੀਆਂ ਦੇ ਵਿੱਚ ਚੰਗਾ ਹੋਵੇ,
ਇਹੀ ਦਿਲ ‘ਚੋਂ ਲੋਚਣ।
48
ਚੰਨ-ਸਿਤਾਰੇ ਅੰਬਰ ਉੱਤੇ,
ਰਾਤ-ਰਾਤ ਨਹੀਂ ਸੌਂਦੇ।
ਆਸਮਾਨ ਦੇ ਉੱਤੇ ਇਹ ਤਾਂ,
ਫਿਰਨ ਵਿਚਾਰੇ ਭੌਂਦੇ।
ਦੁਨੀਆਂ ਭਰ ਦਾ ਚੌਕੀਂਦਾਰਾ,
ਕਰਦੇ ਬਿਨਾਂ ਰੁਪਈਉਂ!
ਦਿਲ ਵਿੱਚ ਰਤਾ ਮਲਾਲ ਨਾ ਰੱਖਣ,
ਡਾਢੀ ਖੁਸ਼ੀ ਮਨੌਂਦੇ।
49
ਚੰਨ-ਸਿਤਾਰੇ ਅੰਬਰ ਉੱਤੇ,
ਕੁਦਰਤ ਦਾ ਕ੍ਰਿਸ਼ਮਾ।
ਮੀਚ ਲਈਏ ਜੇ ਅੱਧੀਆਂ ਅੱਖਾਂ,
ਕੋਲ ਆਉਂਦੀਆਂ ਰਿਸ਼ਮਾਂ।
ਜੀ ਕਰਦੈ ਰਿਸ਼ਮਾਂ ਦਾ ਰੱਸਾ,
ਫੜ੍ਹ ਕੇ ਉੱਪਰ ਜਾਈਏ!
ਪੁੱਛ ਆਈਏ ਇਨ੍ਹਾਂ ਨੂੰ ਜਾ ਕੇ,
ਕੌਣ ਥੋਡੀਆਂ ਕਿਸਮਾਂ ?
50
ਚੰਨ-ਸਿਤਾਰੇ ਅੰਬਰ ਉੱਤੇ,
ਗੰਗਾ ਵਾਂਗ ਪਵਿੱਤਰ!
ਝਿਲਮਿਲ ਕਰਦਾ ਰੂਪ ਇਨ੍ਹਾਂ ਦਾ,
ਠੰਡਾ-ਠਾਰ ਚਰਿੱਤਰ!
ਦੁਸ਼ਮਣੀਆਂ ਦੇ ਰਾਹ ਨਾ ਚੱਲਣ,
ਸੱਚੇ ਅਮਨ ਪੁਜਾਰੀ,
ਝੁੰਡ ਬਣਾ ਕੇ ਗੱਲਾਂ ਕਰਦੇ,
ਇਹ ਪਿਆਰੇ ਜਿਹੇ ਮਿੱਤਰ!
51
ਚੰਨ-ਸਿਤਾਰੇ ਅੰਬਰ ਉੱਤੇ,
ਮਾਣੀਂ ਜਾਣ ਬਹਾਰਾਂ।
ਇਵੇਂ ਮੌਜ਼ਾਂ ਮਾਣਦਿਆਂ ਨੂੰ,
ਹੋ ਗਏ ਸਾਲ ਹਜ਼ਾਰਾਂ।
ਇਨ੍ਹਾਂ ਦਾ ਇਹ ਤਾਰਾ ਮੰਡਲ,
ਜਿਉਂ ਦਾ ਤਿਉਂ ਖਲੋਤਾ!
ਆਦਿ ਅੰਤ ਇਨ੍ਹਾਂ ਦਾ ਕੀ ਹੈ,
ਨਹੀਂ ਕਿਸੇ ਨੂੰ ਸਾਰਾਂ!!!