Shiv Kumar Batalvi – Saiyon ni saiyon
ਸਈਓ ਨੀ ਸਈਓ ।
ਪੀਲੀ ਚੰਨੇ ਦੀ ਤਿਤਲੀ
ਮਾਰੇ ਪਈ ਗਗਨੀਂ ਉਡਾਰੀਆਂ ਵੇ ਹੋ
ਲਹਿੰਦੇ ਦਿਆਂ ਪੱਤਣਾਂ ‘ਤੇ
ਤਾਰਿਆਂ ਦੇ ਫੁੱਲ ਖਿੜੇ
ਸਰ੍ਹੋਂ ਦੀਆਂ ਹੋਣ ਜਿਉਂ ਕਿਆਰੀਆਂ ਵੇ ਹੋ ।
ਅੱਧੀ ਰਾਤੀਂ ਚਾਨਣੀ ਦੀ
ਕੱਚੜੀ ਜਿਹੀ ਬੌਲੀ ਉੱਤੇ
ਨ੍ਹਾਉਣ ਪਈਆਂ ਫੰਬੀਆਂ ਕੁਆਰੀਆਂ ਵੇ ਹੋ ।
ਦੂਰ ਕਿਤੇ ਪਿੰਡ ਦੇ ਨੀ
ਮੈਰੇ ‘ਚ ਟਟੀਰ੍ਹੀਆਂ
ਰੋਣ ਪਈਆਂ ਕਰਮਾਂ ਨੂੰ ਮਾਰੀਆਂ ਵੇ ਹੋ ।
ਸਈਓ ਨੀ ਸਈਓ
ਭਿੰਨੀ ਪੌਣ ਵਗੇਂਦੜੀ ਤੋਂ
ਲੈ ਦਿਓ ਸੁਗੰਧੀਆਂ ਉਧਾਰੀਆਂ ਵੇ ਹੋ ।
ਮਿਲੂਗਾ ਜਦੋਂ ਮੈਨੂੰ
ਸੱਜਣ ਮੈਂਡੜਾ ਨੀ
ਮੋੜ ਦਊਂਗੀ ਗਿਣ ਗਿਣ ਸਾਰੀਆਂ ਵੇ ਹੋ ।
ਸੱਜਣ ਤਾਂ ਮੇਰਾ ਇਕ
ਘੁੱਟ ਕਿਉਰੜੇ ਦਾ
ਅੱਖੀਆਂ ਅੰਗੂਰੀ ਲੋਹੜੇ ਮਾਰੀਆਂ ਵੇ ਹੋ
ਸੱਜਣ ਤਾਂ ਮੇਰੇ ਦੀਆਂ
ਥਿੰਦੀਆਂ ਲਟੂਰੀਆਂ ਨੀ
ਮਹਿਕਾਂ ਦੀਆਂ ਭਰੀਆਂ ਪਟਾਰੀਆਂ ਵੇ ਹੋ ।
ਸਾਉਣ ਦੀਆਂ ਸੱਧਰਾਂ ਦੇ
ਵਾਂਗ ਨੀ ਉਹ ਸਾਂਵਲਾ
ਦਿਲ ਦੀਆਂ ਕਰੇ ਸਰਦਾਰੀਆਂ ਵੇ ਹੋ
ਆਤਸ਼ੀ ਗੁਲਾਬ ਲੱਖਾਂ
ਸ਼ਾਮਾਂ ਗੁਲਨਾਰੀਆਂ ਨੀ
ਅਸਾਂ ਉਹਦੇ ਮੁੱਖੜੇ ਤੋਂ ਵਾਰੀਆਂ ਵੇ ਹੋ ।
ਸਈਓ ਨੀ ਸਈਓ
ਨਾ ਨੀ ਪੁੱਛੋ ਅਸਾਂ ਓਸ ਬਾਝੋਂ
ਕਿਵੇਂ ਨੀ ਇਹ ਉਮਰਾਂ ਗੁਜ਼ਾਰੀਆਂ ਵੇ ਹੋ
ਅਸੀਂ ਓਸ ਬਾਝੋਂ ਸਈਓ
ਅੱਗ ‘ਚ ਨਹਾਤੀਆਂ ਹਾਂ
ਫੱਕੀਆਂ ਨੇ ਮਘੀਆਂ ਅੰਗਾਰੀਆਂ ਵੇ ਹੋ ।
ਅਸਾਂ ਓਸ ਬਾਝੋਂ ਸਈਓ
ਖ਼ਾਕ ਕਰ ਛੱਡੀਆਂ ਨੇ
ਦਿਲੇ ਦੀਆਂ ਉੱਚੀਆਂ ਅਟਾਰੀਆਂ ਵੇ ਹੋ
ਓਸ ਬਾਝੋਂ ਫਿੱਟ ਗਿਐ
ਰੰਗ ਸਾਡੇ ਰੂਪ ਦਾ ਨੀ
ਦਗ਼ਾ ਕੀਤਾ ਸਮੇਂ ਦੇ ਲਲਾਰੀਆਂ ਵੇ ਹੋ ।
ਪਿਆ ਭੁੱਸ ਹੌਕਿਆਂ ਦਾ
ਮੂੰਹ ਸਾਨੂੰ ਚੁੰਮਣੇ ਦਾ
ਬਿਰਹੋਂ ਸੰਗ ਲੱਗੀਆਂ ਨੇ ਯਾਰੀਆਂ ਵੇ ਹੋ
ਸਈਓ ਨੀ ਸਈਓ ।
ਪੀਲੀ ਚੰਨੇ ਦੀ ਤਿਤਲੀ
ਮਾਰੇ ਪਈ ਗਗਨੀਂ ਉਡਾਰੀਆਂ ਵੇ ਹੋ ।
ਲਹਿੰਦੇ ਦਿਆਂ ਪੱਤਣਾਂ ‘ਤੇ
ਤਾਰਿਆਂ ਦੇ ਫੁੱਲ ਖਿੜੇ
ਸਰ੍ਹੋਂ ਦੀਆਂ ਹੋਣ ਜਿਉਂ ਕਿਆਰੀਆਂ ਵੇ ਹੋ ।