Punjabi Poetry

Omkar Sood – Kudrat dian sugaatan


ਚੰਨ-ਸਿਤਾਰੇ ਬੜੇ ਪਿਆਰੇ,
ਬੱਦਲ, ਰੁੱਖ, ਪ੍ਰਭਾਤਾਂ।
ਆਪਣੇ ਆਪ ਨੇ ਬਦਲੀ ਜਾਂਦੇ,
ਸੁੰਦਰ ਦਿਨ ਤੇ ਰਾਤਾਂ।
ਫੁੱਲ, ਤਿਤਲੀਆਂ, ਮਧੂ ਮੱਖੀਆਂ,
ਜੰਗਲ ਅਤੇ ਪਹਾੜ!
ਕਿਧਰੇ ਉੱਗੀ ਹਰਿਆਲੀ-
ਤੇ ਕਿਧਰੇ ਘੋਰ ਉਜਾੜ।
ਨਦੀਆਂ, ਪੰਛੀ, ਪਸ਼ੂ, ਪਰਿੰਦੇ,
ਬੜਾ ਵਿਸ਼ਾਲ ਸਮੁੰਦਰ!
ਕਿਧਰੇ ਨੇਰ੍ਹਾ, ਕਿਧਰੇ ਚਾਨਣ,
ਸੂਰਜ ਬੜਾ ਕਲੰਦਰ!
ਸੋਨ-ਸੁਨਹਿਰੀ ਕਿਰਨਾ ਲੈ ਕੇ,
ਇਹੇ ਆਉਂਦਾ ਜਾਂਦਾ!
ਨਾਚ ਕਰੇ ਫਿਰ ਸਾਰੀ ਦੁਨੀਆਂ,
ਜਿੱਦਾਂ ਉਹੋ ਨਚਾਂਦਾ।

ਹਵਨ ਕੁੰਡ ਦੇ ਵਿਚੋਂ ਨਿਕਲੇ,
ਜੀਕਣ ਗਹਿਰਾ ਧੂੰਆਂ!
ਉਵੇਂ ਹੀ ਧੁੰਦ ਸਰਦੀ ਦੇ ਵਿੱਚ,
ਮੱਲੇ ਆਣ ਬਰੂਹਾਂ।
ਗਰਮੀਂ-ਸਰਦੀ ਮੌਸਮ ਬਦਲੀ,
ਜਾਂਦੇ ਅੱਖ ਝਪੱਕੇ!
ਕੁਦਰਤ ਗੇੜੇ ਲਾਉਂਦੀ-ਲਾਉਂਦੀ,
ਨਾ ਅੱਕੇ, ਨਾ ਥੱਕੇ।
ਕਿਧਰੇ ਫੁੱਲਾਂ ਮਹਿਕਾਂ ਲਾਈਆਂ,
ਕਿਧਰੇ ਰੰਗ ਬਖੇਰੇ!
ਕਿਧਰੇ ਰੌਣਕ ਥੋੜ੍ਹੀ-ਥੋੜ੍ਹੀ,
ਕਿਧਰੇ ਰਤਾ ਵਧੇਰੇ।
ਅੱਖਾਂ ਖੋਲ੍ਹੋ-ਵੇਖੋ ਮਾਣੋ,
ਮਾਰ ਚੁਫੇਰੇ ਝਾਤਾਂ!
ਮਨ ਨੂੰ ਖੇੜਾ ਮਿਲ ਜਾਂਦਾ,
ਤੱਕ ਕੁਦਰਤ ਦੀਆਂ ਸੌਗ਼ਾਤਾਂ।