Omkar Sood – Vidya di roshni
ਵਿੱਦਿਆ ਦੀ ਰੌਸ਼ਨੀ
ਫੱਟੀ ਬਸਤਾ ਚੁਕ ਸਕੂਲੇ ਜਾਂਦੇ ਹਾਂ।
ਵਿੱਚ ਸਕੂਲੇ ਜਾ ਕੇ ਵਿੱਦਿਆ ਪਾਂਦੇ ਹਾਂ।
ਪਹਿਲਾਂ ਕਰਦੇ ਈਸ਼ਵਰ ਨੂੰ ਪ੍ਰਨਾਮ ਅਸੀਂ।
ਰਲਕੇ ਗਾਂਦੇ ‘ਜਨ-ਗਨ-ਮਨ’ ਦਾ ਗਾਣ ਅਸੀਂ।
ਤੇ ਫਿਰ ਬਿਰਤੀ ਵਿੱਦਿਆ ਵੱਲ ਲਗਾਂਦੇ ਹਾਂ,
ਫੱਟੀ ਬਸਤਾ ਚੁਕ ਸਕੂਲੇ ਜਾਂਦੇ ਹਾਂ–।
ਉਸਤਾਦਾਂ ਦਾ ਕਰਦੇ ਹਾਂ ਸਤਿਕਾਰ ਅਸੀਂ।
ਨਾਲ ਕਿਤਾਬਾਂ ਕਰਦੇ ਬਹੁਤ ਪਿਆਰ ਅਸੀਂ।
ਸਭਨਾ ਮੂੰਹੋਂ ਚੰਗੇ ਬਾਲ ਕਹਾਂਦੇ ਹਾਂ,
ਫੱਟੀ ਬਸਤਾ ਚੁਕ ਸਕੂਲੇ ਜਾਂਦੇ ਹਾਂ–।
ਫੁੱਲਾਂ ਵਾਕੁਰ ਖਿੜਨਾ ਸਾਡੀ ਆਦਤ ਹੈ।
ਇੱਕ ਮੁੱਠ ਹੋ ਕੇ ਰਹਿਣਾ ਸਾਡੀ ਤਾਕਤ ਹੈ।
ਹੱਸ-ਹੱਸ ਕੇ ਅਸੀਂ ਸਭ ਦਾ ਜੀ ਪਰਚਾਂਦੇ ਹਾਂ,
ਫੱਟੀ ਬਸਤਾ ਚੁਕ ਸਕੂਲੇ ਜਾਂਦੇ ਹਾਂ–।
ਅੱਖਰਾਂ ਵਿੱਚੋਂ ਲੱਭ ਕੇ ਲਿਆਉਂਦੇ ਗਿਆਨ ਅਸੀਂ।
ਅੱਜ ਦੇ ਬੱਚੇ ਕੱਲ੍ਹ ਦੇ ਹਾਂ ਵਿਦਵਾਨ ਅਸੀਂ।
ਅਨਪੜ੍ਹਤਾ ਦਾ ਨੇਰ੍ਹਾ ਦੂਰ ਭਜਾਂਦੇ ਹਾਂ,
ਫੱਟੀ ਬਸਤਾ ਚੁਕ ਸਕੂਲੇ ਜਾਂਦੇ ਹਾਂ–।
ਊਚ-ਨੀਚ ਨੂੰ ਭੁੱਲ ਕੇ ‘ਕੱਠੇ ਬਹਿੰਦੇ ਹਾਂ।
ਇੱਕ ਦੂਜੇ ਦਾ ਦਰਦ ਵੰਡਾਉਂਦੇ ਰਹਿੰਦੇ ਹਾਂ।
ਨਾਲ ਪਿਆਰ ਦੇ ਸਭ ਨੂੰ ਅਸੀਂ ਬੁਲਾਂਦੇ ਹਾਂ,
ਫੱਟੀ ਬਸਤਾ ਚੁਕ ਸਕੂਲੇ ਜਾਂਦੇ ਹਾਂ–।
ਬੜੀ ਹੀ ਪਰ-ਉਪਕਾਰੀ ਵਿੱਦਿਆ ਰਾਣੀ ਹੈ।
ਜਿਸ ਨੇ ਵਿੱਦਿਆ ਪਾਈ ਜ਼ਿੰਦਗੀ ਮਾਣੀ ਹੈ।
ਵਿੱਦਿਆ ਦੇ ਸੰਗ ਜੀਵਨ ਨੂੰ ਰੁਸ਼ਨਾਂਦੇ ਹਾਂ,
ਫੱਟੀ ਬਸਤਾ ਚੁਕ ਸਕੂਲੇ ਜਾਂਦੇ ਹਾਂ–।