Punjabi Poetry

Omkar Sood – Paani


ਵਰ੍ਹਦਾ ਪਾਣੀ ਚੜ੍ਹਦਾ ਪਾਣੀ।
ਕਾਬੂ ਵਿੱਚ ਨਹੀਂ ਹੜ੍ਹ ਦਾ ਪਾਣੀ।

ਧਰਤੀ ਵਿੱਚ ਪਤਾਲ ਪੁਰੀ ਵਿੱਚ,
ਗਾਰਾ ਬਣਕੇ ਕੜ੍ਹਦਾ ਪਾਣੀ।

ਛੱਪੜਾਂ ਅਤੇ ਤਲਾਬਾਂ ਦੇ ਵਿੱਚ,
ਨਾਲੀਆਂ ਦੇ ਵਿੱਚ ਸੜਦਾ ਪਾਣੀ।

ਵਹਿੰਦਾ ਤਾਂ ਇਹ ਨਿਰਮਲ ਹੁੰਦਾ,
ਖੜ੍ਹਦਾ ਤਾਂ ਹੀ ਸੜਦਾ ਪਾਣੀ।

ਵਹਿ ਜਾਂਦਾ ਬਾਰਸ਼ ਦਾ ਪਾਣੀ,
ਨਹੀਂ ਕਿਸੇ ਦੇ ਦਰ ਦਾ ਪਾਣੀ।

ਕੱਚੇ ਕੋਠੇ ਢਾਅ ਦਿੰਦਾ ਹੈ,
ਜਦ ਵੀ ਕਦੇ ਵਿਗੜਦਾ ਪਾਣੀ।

ਪੱਤਿਆਂ ਵਿੱਚ ਜਾ ਪਰਗਟ ਹੁੰਦਾ,
ਰੁੱਖ ਕਿਸੇ ਦੀ ਜੜ੍ਹ ਦਾ ਪਾਣੀ।

ਰਕਤ ਵਹਾ ਕੇ ਲੈ ਜਾਂਦਾ ਹੈ,
ਖੁੱਲ੍ਹੇ ਜੰਗੀ ਪਿੜ ਦਾ ਪਾਣੀ।

ਹੁਣ ਨਾ ਕਿਧਰੇ ਨਜ਼ਰੀਂ ਪੈਂਦਾ,
ਖੁਹ ਦੀ ਟਿੰਡੀਂ ਗਿੜਦਾ ਪਾਣੀ।

ਪਾਣੀ ਤਾਂ ਅਨਮੋਲ ਦਾਤ ਹੈ,
ਸਾਂਭ ਲਵੋ ਜੋ ਰਿੜ੍ਹਦਾ ਪਾਣੀ।

ਇਸ ਦੀ ਹਾਂ ਬਰਬਾਦੀ ਕਰਦੇ,
ਤਾਂ ਹੀ ਤਾਂ ਇਹ ਚਿੜ੍ਹਦਾ ਪਾਣੀ।

ਇਸ ਦੀ ਸਾਂਭ-ਸੰਭਾਲ ਕਰੋ ਸਭ,
ਦੇਖਿਓ ਕਿੱਦਾਂ ਖਿੜਦਾ ਪਾਣੀ।

ਯਾਰ ਬਹੋਨਾ ਸੱਚੀਂ ਕਹਿੰਦਾ,
ਟੁਕੜਾ ਹੈ ਜਿਗਰ ਦਾ ਪਾਣੀ।