Punjabi Poetry

Omkar Sood – Sapera jogi


ਸਪੇਰਾ ਜੋਗੀ

ਇੱਕ ਸਪੇਰਾ ਬੀਨ ਵਜਾਉਂਦਾ।
ਸਾਡੇ ਪਿੰਡ ਬਹੋਨੇ ਆਉਂਦਾ।
ਮੋਢਿਆਂ ਉੱਤੇ ਵਹਿੰਗੀ ਚੁੱਕੀ।
ਹੋਇਆ ਹੁੰਦਾ ਮੁੜਕੋ-ਮੁੜਕੀ।
ਬੀਨ ਵਜਾ ਕੇ ਅਲਖ ਜਗਾਉਂਦਾ।
ਡਾਢਾ ਸਾਡੇ ਨੂੰ ਨੂੰ ਭਾਉਂਦਾ।
ਸੁਣਕੇ ਉਸਦੀ ਬੀਨ ਦਾ ਲਹਿਰਾ।
ਹਰਕਤ ਦੇ ਵਿੱਚ ਆਏ ਦੁਪਹਿਰਾ।
ਕੁੜੀਆਂ-ਮੁੰਡੇ ਸ਼ੋਰ ਮਚਾਉਂਦੇ।
‘ਹੋ-ਹੋ’ ਕਰਕੇ ਭੱਜੇ ਆਉਂਦੇ।
ਦੂਲਾ ਨੰਗ-ਧੜੰਗਾ ਆਇਆ।
ਫਟਿਆ ਉਸਨੇ ਕੱਛਾ ਪਾਇਆ।
ਪੱਪੂ ਦਾ ਜੂੜਾ ਅੱਧ-ਖੁੱਲ੍ਹਾ।
ਭੱਜਾ ਆਇਆ ਨਾਲੇ ਈ ਤੁੱਲ੍ਹਾ।
ਭੰਬੇ ਕੀ ਜੀਤੀ ਵੀ ਆਈ।
ਨਾਲੇ ਆਈ ਸ਼ਿਮਲੋ ਤਾਈ।
ਸੱਪ ਵੇਖਣ ਨੂੰ ਕਿੰਨੇ ਆਏ।
ਬੱਚੇ-ਬੁੱਢੇ ਚਾਚੇ ਤਾਏ।
ਮਸਤੀ ਵਿੱਚ ਸਪੇਰਾ ਆਇਆ।
ਨਾਗਰਾਜ ਨੂੰ ਓਸ ਬੁਲਾਇਆ।
ਉੱਠ ਜਮੂਰੇ ਮੇਰੇ ਪੁੱਤਾ!
ਵਿੱਚ ਪਟਾਰੀ ਰਹਿ ਨਾ ਸੁੱਤਾ।
ਪੂਰੀ ਖ਼ਲਕਤ ਅੱਗੇ ਆ ਜਾ।
ਆਪਣਾ ਦਰਸ਼ਨ ਦੀਦ ਕਰਾ ਜਾ।
ਬੱਚੇ ਤੈਨੂੰ ਦੇਵਣ ਆਟਾ।
ਆਪਣਾ ਭਰ ਜਾਣਾ ਹੈ ਬਾਟਾ।
ਪੈਸਾ-ਧੇਲਾ ਮਿਲੂ ਰੁਪੱਈਆ।
ਸਭ ਨੂੰ ਦਰਸ਼ਨ ਦੇ ਦੇ ਭਈਆ।
ਖ਼ਲਕਤ ਬਹੁਤ ਦਿਆਲੂ ਭਾਈ।
ਜੋ ਤੇਰੇ ਦਰਸ਼ਨ ਲਈ ਆਈ।
ਕਹਿ ਸਪੇਰਾ ਹੋਇਆ ਨੇੜੇ।
ਉਂਗਲੀ ਨਾਲ ਪਟਾਰੀ ਛੇੜੇ।
ਜਦੋਂ ਪਟਾਰੀ ਦੀ ਛੱਤ ਚੁੱਕੀ।
ਸੱਪ ਨੇ ਕੀਤੀ ਗਰਦਨ ਉੱਚੀ।
ਮਾਰ ਫੁੰਕਾਰਾ ਫੰਨ ਫੈਲਾ ਕੇ।
ਨਿੱਕੇ-ਨਿੱਕੇ ਬਾਲ ਡਰਾ ‘ਤੇ।
ਛੇ ਫੁੱਟਾ ਇਹ ਕਾਲਾ ਫਨੀਅਰ।
ਦੇਖ ਏਸ ਨੂੰ ਲਗਦਾ ਹੈ ਡਰ।
ਮਸਤ ਬੀਨ ਦੀ ਧੁਨ ਵਿੱਚ ਭਾਉਂਦਾ।
ਆਪ-ਮੁਹਾਰੇ ਡੰਗ ਚਲਾਉਂਦਾ।
ਭਾਈ ਨੇ ਉਸਨੂੰ ਸਮਝਾਇਆ।
ਬੱਚਾ ਕਾਹਤੋਂ ਡੰਗ ਚਲਾਇਆ ?
ਨਾ ਲੱਗਾ ਜੋਗੀ ਦੇ ਆਖੇ।
ਫਨੀਅਰ ਬਹੁਤ ਗੁਸੈਲਾ ਝਾਕੇ।
ਜੋਗੀ ਨੇ ਇੱਕ ਦਬਕਾ ਲਾਇਆ।
ਫੜ੍ਹ ਕੇ ਵਿੱਚ ਪਟਾਰੀ ਪਾਇਆ।
ਕਾਲਾ ਸ਼ਿਆਹ ਇਹ ਨਾਗ ਦੇਵਤਾ।
ਮੁੜ-ਘਿੜ ਡੱਕ ਪਟਾਰੀ ਦਿੱਤਾ।
ਵੇਖ ਲਈ ਜਦ ਖੇਡ ਪਿਆਰੀ।
ਬੱਚਿਆਂ ਝੱਟ ਦੁੜੰਗੀ ਮਾਰੀ।
ਨਿੱਕੇ-ਵੱਡੇ ਸਾਰੇ ਬੱਚੇ।
ਆਪੋ-ਆਪਣੇ ਘਰਾਂ ਨੂੰ ਭੱਜੇ।
ਕੌਲੀਆਂ ਭਰ-ਭਰ ਖੜਿਆ ਆਟਾ।
ਸੱਪ ਵਾਲੇ ਦਾ ਭਰਿਆ ਬਾਟਾ।
ਕੁਝ ਰੁਪੱਈਏ ਵੱਡਿਆਂ ਦਿੱਤੇ।
ਕੁਝ ਕੁ ਬਾਲ ਲਿਆਏ ਸਿੱਕੇ।
ਜੋਗੀ ਹਰ ਸ਼ੈ ‘ਕੱਠੀ ਕਰ ਲਈ।
ਆਪਣੀ ਵੱਡੀ ਬਗਲੀ ਭਰ ਲਈ।
ਫੇਰ ਸਪੇਰੇ ਚੁੱਕ ਪਟਾਰੀ।
‘ਗਾਂਹ ਜਾਣ ਦੀ ਕਰੀ ਤਿਆਰੀ।
ਪੁੱਜਾ ਹੋਰ ਕਿਸੇ ਬਸਤੀ ਵਿੱਚ।
ਬੀਨ ਵਜਾਉਂਦਾ ਉਹ ਮਸਤੀ ਵਿੱਚ।