Punjabi Poetry

Santokh Singh Dhir – Jaagrit


ਧੂੜ ਦਾ ਕਿਣਕਾ ਕਹੇ
ਸੂਰਜ ਹਾਂ ਮੈਂ
ਮਹਾਂ ਸਾਗਰ ਵਾਂਗ
ਕਤਰਾ ਖੌਲਦਾ
ਪਰਤਦੀ ਪਾਸਾ ਹੈ ਧਰਤੀ
ਜਨਮ ਲੈਂਦੇ ਨੇ ਤੂਫ਼ਾਨ
ਧੌਣ ਉੱਚੀ ਕਰਕੇ ਤੁਰਦਾ ਹੈ ਮਨੁੱਖ
ਸਮੇਂ ਨੂੰ ਆਉਂਦੀ ਤ੍ਰੇਲੀ
ਹਿੱਲ ਜਾਂਦਾ ਹੈ ਜਹਾਨ।
ਗਲਾਂ ਵਿਚੋਂ ਲਾਹ ਕੇ ਸੁੱਟਣ
ਤੌਕ-ਕੌਮਾਂ
ਅੱਗ ਦੇ ਛੁਹੰਦੇ ਭੰਬੂਕੇ
ਆਸਮਾਨ
ਰੋਂਦੀਆਂ ਅੱਖਾਂ ‘ਚ ਸੂਰਜ ਚਮਕਦੇ
ਅੰਨ੍ਹੀਂ ਰਈਅਤ
ਲੱਭਦੀ ਫਿਰਦੀ ਗਿਆਨ
ਆਮ ਬੰਦੇ ਨੂੰ ਮਿਲੇ ਪੈਗ਼ੰਬਰੀ
ਗਿਆਨਵਾਨਾਂ ਦੇ ਨੇ
ਟੁੱਟ ਜਾਂਦੇ ਗੁਮਾਨ।
ਹੜਬੜਾ ਕੇ ਉੱਠਦੇ ਹਨ ਸ਼ਹਿਨਸ਼ਾਹ
ਨੀਂਦ ਲੋਟੂ ਵਰਗ ਦੀ
ਹੁੰਦੀ ਹਰਾਮ
ਕੰਬ ਜਾਂਦੇ ਨੇ ਮਹੱਲਾਂ ਦੇ ਸਤੂਨ
ਕੰਬ ਜਾਂਦੇ ਨੇ
ਚੰਗੇਜ਼ਾਂ ਦੇ ਨਿਜ਼ਾਮ
ਧੂੜ-ਕਿਣਕੇ ਉੱਠਦੇ ਬਣਕੇ ਹਨੇਰੀ
ਆਪਣੇ ਹੱਥੀਂ ਸਮੇਂ ਦੀ
ਫੜਦੇ ਲਗਾਮ।