Shiv Kumar Batalvi – Aas
ਨੀ ਜਿੰਦੇ ਤੇਰਾ ਯਾਰ
ਮੈਂ ਤੈਨੂੰ ਕਿਵੇਂ ਮਿਲਾਵਾਂ ।
ਕਿਥੋਂ ਨੀ ਮੈਂ ਸਤਬਰਗ ਦੀ
ਤੈਨੂੰ ਮਹਿਕ ਪਿਆਵਾਂ ।
ਕਿਹੜੀ ਨਗਰੀ ‘ਚ ਤੇਰੇ ਚੰਨ ਦੀ
ਡਲੀ ਵੱਸਦੀ ਹੈ ਜਿੰਦੇ ?
ਕਿੱਤ ਵੱਲੇ ਨੀ ਅੱਜ ਨੀਝਾਂ ਦੇ
ਮੈਂ ਕਾਗ ਉਡਾਵਾਂ ?
ਚੰਗਾ ਹੈ ਹਸ਼ਰ ਤਕ ਨਾ ਮਿਲੇ
ਮੋਤੀਆਂ ਵਾਲਾ
ਦੂਰੋਂ ਹੀ ਸ਼ਬਦ ਭੇਹਰੀ ਦਾ
ਲੱਗਦਾ ਹੈ ਸੁਹਾਵਾ ।
ਅੱਸੂ ‘ਚ ਤਾਂ ਫੁੱਲ ਸਣ ਦੇ ਵੀ
ਲੱਗਦੇ ਨੇ ਪਿਆਰੇ
ਰੱਕੜਾਂ ‘ਚ ਨਿਆਮਤ ਨੇ
ਕਰੀਰਾਂ ਦੀਆਂ ਛਾਵਾਂ ।
ਜ਼ਿੰਦਗੀ ਦੀ ਨਦੀ ਦੇ ਕੰਢੇ
ਉਮੀਦ ਦਾ ਐਰਾ
ਸੁੱਕ ਸੜ ਕੇ ਕਈ ਯਾਰ(ਵਾਰ) ਵੀ
ਹੋ ਜਾਂਦਾ ਹੈ ਲੈਰਾ ।
ਅਕਸਰ ਹੀ ਕਈ ਵਾਰ
ਇਵੇਂ ਹੁੰਦਾ ਹੈ ਜਿੰਦੇ
ਨਹਿਰੀ ਤੋਂ ਫ਼ਸਲ ਚੰਗੀ ਵੀ
ਹੋ ਜਾਂਦੀ ਹੈ ਮੈਰਾ ।
ਸੌ ਸਾਲ ਜਦੋਂ ਗੁਜ਼ਾਰੇ
ਤਾਂ ਫੁੱਲ ਬਾਂਸ ਨੂੰ ਲਗਦੈ
ਸੁਰਖ਼ਾਬ ਹੁਨਾਲੇ ‘ਚ ਨੀ
ਹੋ ਜਾਂਦਾ ਹੈ ਬਹਿਰਾ ।
ਇਕ ਸੁਲਫ਼ੇ ਦੀ ਬਸ ਲਾਟ ਹੈ
ਜ਼ਿੰਦਗੀ ‘ਚ ਮੁਹੱਬਤ
ਬਸ ਗ਼ਮ ਦੇ ਮਲੰਗਾਂ ਦੀ
ਹਯਾਤੀ ਹੈ ਇਹ ਦੈਰਾ ।
ਸੁਣਿਆ ਹੈ ਮਧੂ-ਮੱਖੀਆਂ ਦੀ
ਇਕ ਹੁੰਦੀ ਹੈ ਰਾਣੀ
ਭਰਪੂਰ ਜਵਾਨੀ ‘ਚ ਜਦੋਂ
ਲੱਭਦੀ ਹੈ ਹਾਣੀ ।
ਉੱਡ ਪੈਂਦੀ ਹੈ ਖੱਗੇ ‘ਚੋਂ ਨਿਕਲ
ਵੱਲ ਅਗਾਸਾਂ
ਉੱਡਦੀ ਹੈ ਉਹਦੇ ਪਿੱਛੇ ਨੀ
ਨਰ-ਮੱਖੀਆਂ ਦੀ ਢਾਣੀ ।
ਜਿਹੜਾ ਵੀ ਵਣਜ ਕਰਦਾ ਹੈ
ਉਹਦੀ ਕੁੱਖ ਦਾ ਨੀ ਜਿੰਦੇ
ਮੁੱਕ ਜਾਂਦਾ ਹੈ ਉਹਦੇ ਨੈਣਾਂ ‘ਚੋਂ
ਜ਼ਿੰਦਗਾਨੀ ਦਾ ਪਾਣੀ ।
ਕੁੱਖਾਂ ਦਾ ਵਣਜ ਕਰਨਾ
ਕੋਈ ਪਿਆਰ ਨਹੀਂ ਹੈ
ਇਸ ਤੋਂ ਤਾਂ ਬੜੀ ਲੰਮੀ ਹੈ
ਇਸ਼ਕੇ ਦੀ ਕਹਾਣੀ ।
ਤਕਦੀਰ ਦੀ ਹਰ ਰਾਤ ‘ਚ
ਇਕ ਕੁਤਬ ਸਿਤਾਰਾ
ਜ਼ਿੰਦਗੀ ਦੇ ਮਲਾਹਾਂ ਨੂੰ
ਦੇਂਦਾ ਹੈ ਸਹਾਰਾ ।
ਤਕਦੀਰ ਦੀ ਤਕਦੀਰ ਹੈ
ਜੇ ਬੇੜੀ ਗ਼ਰਕ ਜਾਏ
ਮਲਾਹਾਂ ਦਾ ਦੋਸ਼ ਹੈ
ਜੇ ਲੱਭੇ ਨਾ ਕਿਨਾਰਾ ।
ਨਾ ਸੋਚ ਕਿ ਹਰ ਡਾਚੀ ਦੀ
ਜੇ ਨਜ਼ਰ ਬਦਲ ਜਾਏ
ਹੋਵੇਗਾ ਕਿਵੇਂ
ਮਾਰੂਥਲਾਂ ਦਾ ਨੀ ਗੁਜ਼ਾਰਾ ।
ਤਕਦੀਰ ਤੇ ਤਦਬੀਰ ਦਾ
ਕੁਝ ਐਸਾ ਹੈ ਰਿਸ਼ਤਾ
ਉਗ ਆਏ ਜਿਵੇਂ
ਰੁੱਖ ਤੇ ਕੋਈ ਰੁੱਖ ਵਿਚਾਰਾ ।
ਪਰ ਠੀਕ ਹੈ ਕੋਈ ਥੋਰ੍ਹਾਂ ਨੂੰ
ਕਿਉਂ ਵਾੜ ਕਰੇਗਾ
ਕੋਈ ਭੌਰ ਭਲਾ ਕੰਡਿਆਂ ‘ਤੇ
ਕਿਉਂ ਜੀਭ ਧਰੇਗਾ ।
ਮੇਰੇ ਦਿਲ ਦੇ ਬੀਆਂਬਾਨ ‘ਚ
ਉੱਗਿਆ ਹੈ ਕਿਉੜਾ
ਹੈਰਾਨ ਹਾਂ ਬਿਰਹੋਂ ਦੀ ਤਪਸ਼
ਕਿੱਦਾਂ ਜਰੇਗਾ ।
ਮੇਰਾ ਇਸ਼ਕ ਹੈ ਥੇਹਾਂ ਤੇ ਨੀ
ਇੱਟ-ਸਿੱਟ ਦੀ ਬਰੂਟੀ
ਸੁੱਕੇਗੀ ਨਾ ਬਦਬਖ਼ਤ
ਨਾ ਇਜੜ ਹੀ ਚਰੇਗਾ ।
ਲੱਗ ਜਾਏ ਨੀ ਲੱਖ ਵਾਰ
ਮੇਰੇ ਨੈਣਾਂ ਨੂੰ ਉੱਲੀ
ਮੇਰਾ ਸਿਦਕ ਉਸਦੇ ਰਾਹਾਂ ‘ਤੇ
ਰੋ ਰੋ ਕੇ ਮਰੇਗਾ ।
ਹੋ ਜਾਏਗੀ ਇਕ ਰੋਜ਼ ਸਬਜ਼
ਦਿਲ ਦੀ ਫਲਾਹੀ
ਬੰਜਰ ਵੀ ਮੁਕੱਦਰ ਦਾ ਨੀ
ਹੋ ਜਾਏਗਾ ਚਾਹੀ ।
ਹੈ ਆਸ ਮੇਰੇ ਹੋਠਾਂ ਦੀ
ਕਚਨਾਰ ਦੀ ਛਾਵੇਂ
ਸੁਸਤਾਣਗੇ ਮੁਸਕਾਨਾਂ ਦੇ
ਬੇਅੰਤ ਹੀ ਰਾਹੀ ।
ਮੁੰਜਰਾਂ ‘ਚ ਮੇਰੇ ਜਿਸਮ ਦੀ
ਜਦ ਮਹਿਕ ਰਚੇਗੀ
ਇਹ ਧਰਤ ਮੇਰੇ ਇਸ਼ਕ ਦੀ
ਦੇਵੇਗੀ ਗਵਾਹੀ ।
ਨੱਚੇਗੀ ਖ਼ੁਸ਼ੀ ਦਿਲ ਦੇ ਪਿੜੀਂ
ਮਾਰ ਦਮਾਮੇ
ਵਿਛੜੇਗਾ ਨਾ ਮੁੜ
ਤੇਰਾ ਕਦੀ ਤੇਰੇ ਤੋਂ ਮਾਹੀ ।