Shiv Kumar Batalvi – Bad asees
ਯਾਰੜਿਆ ! ਰੱਬ ਕਰਕੇ ਮੈਨੂੰ
ਪੈਣ ਬਿਰਹੋਂ ਦੇ ਕੀੜੇ ਵੇ ।
ਨੈਣਾਂ ਦੇ ਦੋ ਸੰਦਲੀ ਬੂਹੇ
ਜਾਣ ਸਦਾ ਲਈ ਭੀੜੇ ਵੇ ।
ਯਾਦਾਂ ਦਾ ਇਕ ਛੰਭ ਮਟੀਲਾ
ਸਦਾ ਲਈ ਸੁੱਕ ਜਾਏ ਵੇ ।
ਖਿੜੀਆਂ ਰੂਪ ਮੇਰੇ ਦੀਆਂ ਕੱਮੀਆਂ
ਆ ਕੋਈ ਢੋਰ ਲਤੀੜੇ ਵੇ ।
ਬੰਨ੍ਹ ਤਤੀਰੀ ਚੋਵਣ ਦੀਦੇ
ਜਦ ਤੇਰਾ ਚੇਤਾ ਆਵੇ ਵੇ ।
ਐਸਾ ਸਰਦ ਭਰਾਂ ਇਕ ਹਉਕਾ
ਟੁੱਟ ਜਾਵਣ ਮੇਰੇ ਬੀੜੇ ਵੇ ।
ਇਉਂ ਕਰਕੇ ਮੈਂ ਘਿਰ ਜਾਂ ਅੜਿਆ
ਵਿਚ ਕਸੀਸਾਂ ਚੀਸਾਂ ਵੇ ।
ਜਿਉਂ ਗਿਰਝਾਂ ਦਾ ਟੋਲਾ ਕੋਈ
ਮੋਇਆ ਕਰੰਗ ਧਰੀੜੇ ਵੇ ।
ਲਾਲ ਬਿੰਬ ਹੋਠਾਂ ਦੀ ਜੋੜੀ
ਘੋਲ ਵਸਾਰਾਂ ਪੀਵੇ ਵੇ ।
ਬੱਬਰੀਆਂ ਬਣ ਰੁਲਣ ਕੁਰਾਹੀਂ
ਮਨ ਮੰਦਰ ਦੇ ਦੀਵੇ ਵੇ ।
ਆਸਾਂ ਦੀ ਪਿੱਪਲੀ ਰੱਬ ਕਰਕੇ
ਤੋੜ ਜੜ੍ਹੋਂ ਸੁੱਕ ਜਾਏ ਵੇ ।
ਡਾਰ ਸ਼ੌਕ ਦੇ ਟੋਟਰੂਆਂ ਦੀ
ਗੋਲ੍ਹਾਂ ਬਾਝ ਮਰੀਵੇ ਵੇ ।
ਮੇਰੇ ਦਿਲ ਦੀ ਹਰ ਇਕ ਹਸਰਤ
ਬਨਵਾਸੀਂ ਟੁਰ ਜਾਏ ਵੇ,
ਨਿੱਤ ਕੋਈ ਨਾਗ ਗ਼ਮਾਂ ਦਾ
ਮੇਰੀ ਹਿੱਕ ‘ਤੇ ਕੁੰਜ ਲਹੀਵੇ ਵੇ ।
ਬੱਝੇ ਚੌਲ ਉਮਰ ਦੀ ਗੰਢੀਂ
ਸਾਹਵਾਂ ਦੇ ਡੁੱਲ੍ਹ ਜਾਵਣ ਵੇ ।
ਚਾੜ੍ਹ ਗ਼ਮਾਂ ਦੇ ਛੱਜੀਂ ਕਿਸਮਤ
ਰੋ ਰੋ ਰੋਜ਼ ਛਟੀਵੇ ਵੇ ।
ਐਸੀ ਪੀੜ ਰਚੇ ਮੇਰੇ ਹੱਡੀਂ
ਹੋ ਜਾਂ ਝੱਲ-ਵਲੱਲੀ ਵੇ,
ਤਾਅ ਕੱਕਰਾਂ ‘ਚੋਂ ਭਾਲਣ ਦੀ
ਮੈਨੂੰ ਪੈ ਜਾਏ ਚਾਟ ਅਵੱਲੀ ਵੇ ।
ਭਾਸਣ ਰਾਤ ਦੀ ਹਿੱਕ ਤੇ ਤਾਰੇ
ਸਿੰਮਦੇ ਸਿੰਮਦੇ ਛਾਲੇ ਵੇ,
ਦਿਸੇ ਬਦਲੀ ਦੀ ਟੁਕੜੀ
ਜਿਉਂ ਜ਼ਖ਼ਮੋਂ ਪੀਕ ਉਥੱਲੀ ਵੇ ।
ਸੱਜਣਾ ਤੇਰੀ ਭਾਲ ‘ਚ ਅੜਿਆ
ਇਉਂ ਕਰ ਉਮਰ ਵੰਞਾਵਾਂ ਵੇ,
ਜਿਉਂ ਕੋਈ ਵਿਚ ਪਹਾੜਾਂ ਕਿਧਰੇ
ਵਗੇ ਕੂਲ ਇਕੱਲੀ ਵੇ ।
ਮੰਗਾਂ ਗਲ ਵਿਚ ਪਾ ਕੇ ਬਗਲੀ
ਦਰ ਦਰ ਮੌਤ ਦੀ ਭਿੱਖਿਆ ਵੇ ।
ਅੱਡੀਆਂ ਰਗੜ ਮਰਾਂ ਪਰ ਮੈਨੂੰ
ਮਿਲੇ ਨਾ ਮੌਤ ਸਵੱਲੀ ਵੇ ।
ਘੋਲੀ ਸ਼ਗਨਾਂ ਦੀ ਮੇਰੀ ਮਹਿੰਦੀ
ਜਾਂ ਦੂਧੀ ਹੋ ਜਾਏ ਵੇ ।
ਹਰ ਸੰਗਰਾਂਦ ਮੇਰੇ ਘਰ ਕੋਈ
ਪੀੜ ਪਰਾਹੁਣੀ ਆਏ ਵੇ ।
ਲੱਪ ਕੁ ਹੰਝੂ ਮੁੱਠ ਕੁ ਪੀੜਾਂ
ਹੋਵੇ ਪਿਆਰ ਦੀ ਪੂੰਜੀ ਵੇ ।
ਜਿਉਂ ਜਿਉਂ ਕਰਾਂ ਉਮਰ ‘ਚੋਂ ਮਨਫ਼ੀ
ਤਿਉਂ ਤਿਉਂ ਵਧਦੀ ਜਾਏ ਵੇ ।
ਜ਼ਿੰਦਗੀ ਦੀ ਰੋਹੀ ਵਿਚ ਸੱਜਣਾਂ.
ਵਧਦੀਆਂ ਜਾਣ ਉਜਾੜਾਂ ਵੇ ।
ਜਿਉਂ ਭਖੜੇ ਦਾ ਇਕ ਫੁੱਲ ਪੱਕ ਕੇ
ਸੂਲਾਂ ਚਾਰ ਬਣਾਏ ਵੇ ।
ਜਿਊਂਦੇ ਜੀ ਅਸੀਂ ਕਦੇ ਨਾ ਮਿਲੀਏ
ਬਾਅਦ ਮੋਇਆਂ ਪਰ ਸੱਜਣਾ ਵੇ ।
ਪਿਆਰ ਅਸਾਡੇ ਦੀ ਕੱਥ ਸੁੱਚੜੀ
ਆਲਮ ਕੁੱਲ ਸੁਣਾਏ ਵੇ ।