Shiv Kumar Batalvi – Ik karang ikk kahani
ਹਾਣੀਆਂ ਤੇਰੇ ਸ਼ਹਿਰ ਵੱਲੋਂ
ਆ ਰਹੀ ਹੈ ਅੱਜ ਹਵਾ
ਮਾਰ ਢਿੱਡੀਂ ਮੁੱਕੀਆਂ ਹੈ
ਰੋ ਰਹੀ ਸਾਰੀ ਫ਼ਿਜ਼ਾ
ਨਿਕਲ ਆਈ ਹੈ ਛਪਾਕੀ
ਤਾਰਿਆਂ ਦੀ ਅਰਸ਼ ‘ਤੇ
ਮਾਰ ਪੱਲਾ ਅੰਬਰ ਦਾ
ਗਈ ਚੰਨ ਦਾ ਦੀਵਾ ਬੁਝਾ
ਰਾਤ ਏਦਾਂ ਸੌਂ ਰਹੀ ਹੈ
ਜਿਸ ਤਰ੍ਹਾਂ ਹਬਸ਼ਣ ਕੋਈ
ਫੁੱਲ ਅਮਲਤਾਸ ਦੇ
ਪੀਲੇ ਜਹੇ ਜੂੜੇ ‘ਚ ਲਾ ।
ਵੇਖ ਕੇ ਪਗਡੰਡੀਆਂ
ਤੇਰੇ ਸ਼ਹਿਰ ਵੱਲ ਜਾਂਦੀਆਂ
ਆ ਰਿਹੈ ਮੇਰੇ ਜਿਗਰ ਦੇ ਵਿਚ
ਪੀੜ ਦਾ ਇਕ ਜ਼ਲਜ਼ਲਾ ।
ਫੁੱਲ ਸੂਹਾ ਆਤਸ਼ੀ
ਗੂੜ੍ਹਾ ਗੁਲਾਬੀ ਹਿਜਰ ਦਾ
ਫੇਰ ਅੱਜ ਮਾਯੂਸੀਆਂ ਦੇ
ਅਦਨ ਵਿਚ ਹੈ ਖਿੜ ਰਿਹਾ ।
ਫੇਰ ਨੈਣਾਂ ਦੀ ਨਿਆਈਂ
ਹੋ ਰਹੀ ਹੈ ਅੱਜ ਸੈਰਾਬ
ਫੇਰ ਖੂਹਾ ਹਿੱਕੜੀ ਵਿਚ
ਅੱਗ ਦਾ ਹੈ ਗਿੜ ਰਿਹਾ ।
ਲੈ ਸਬਰ ਦੀਆਂ ਛਾਪੀਆਂ
ਸੀ ਦਿਲ ਨੂੰ ਵਾੜਾਂ ਕੀਤੀਆਂ
ਗ਼ਮਾਂ ਦਾ ਇੱਜੜ ਫੇਰ ਹੈ
ਦਿਲ ਦੇ ਕਿਆਰੇ ਫਿਰ ਰਿਹਾ
ਫੇਰ ਮੇਰੇ ਕਾਲਜੇ ਨੂੰ
ਧੂਹ ਜਹੀ ਹੈ ਪੈ ਰਹੀ
ਯਾਦ ਕਰ ਬੀਤੇ ਦਿਹੁੰ
ਹੈ ਦਿਲ ‘ਚ ਪਾਲਾ ਛਿੜ ਰਿਹਾ ।
ਯਾਦ ਹੈ ਇਕ ਵਾਰ ਏਦਾਂ ਹੀ
ਹਵਾ ਸੀ ਚੱਲ ਰਹੀ
ਰਾਤ-ਰਾਣੀ ਰਾਤ ਦੇ
ਪਿੰਡੇ ਮਹਿਕ ਸੀ ਮਲ ਰਹੀ
ਤੇਰੀਆਂ ਮੁਸ਼ਕੀ ਲਿਟਾਂ ਵਿਚ
ਮੇਰੇ ਹੋਠਾਂ ਦੀ ਕਲੀ
ਵੇਖ ਸਾਰੀ ਗੁਲਫ਼ਸ਼ਾਂ ਸੀ
ਤਾਰਿਆਂ ਦੀ ਜਲ ਰਹੀ ।
ਆਂਦਰਾਂ ਵਿਚ ਤੇਰੇ ਮੇਰੇ
ਹੋ ਰਹੀ ਸੀ ਇਕ ਜਲੂਣ
ਮਹਿਕ ਸਾਡੇ ਜਿਸਮ ਦੀ ਸੀ
ਕਹਿਕਸ਼ਾਂ ਵਿਚ ਰਲ ਰਹੀ ।
ਸਾਡੀਆਂ ਰਾਲਾਂ ‘ਚ ਵਧਦਾ
ਜਾ ਰਿਹਾ ਸੀ ਇਕ ਸਵਾਦ
ਬਦਲੀਆਂ ਦੇ ਮਹਿਲ ਬੱਤੀ
ਚੰਨ ਦੀ ਸੀ ਬਲ ਰਹੀ ।
ਸਾਂ ਅਸੀਂ ਉਹ ਰਾਤ ਸਾਰੀ
ਮਿਲ ਗਲੇ ਰੋਂਦੇ ਰਹੇ
ਰਾਤ ਭਰ ਨੈਣਾਂ ਦੀਆਂ
ਜੋਗਾਂ ਅਸੀਂ ਜੋਂਦੇ ਰਹੇ ।
ਰਗੜ ਮੱਥੇ ਦੇਹਰੀਆਂ ‘ਤੇ
ਰੋਟ ਕੋਈ ਸੁੱਖੇ ਅਸਾਂ
ਭਰ ਕੇ ਪਲੀਆਂ ਹੰਝੂਆਂ ਦਾ
ਤੇਲ ਸਾਂ ਚੋਂਦੇ ਰਹੇ ।
ਗੁਟਕਦੇ ਚਿੱਟੇ ਕਬੂਤਰ
ਵਾਕਣਾਂ ਤੇਰੇ ਮਹਿਲ ਵੇਖ
ਮੇਰੀਆਂ ਝੁੱਗੀਆਂ ਦੇ ਜਾਲੇ
ਰਾਤ ਭਰ ਰੋਂਦੇ ਰਹੇ ।
ਘੋਲ ਕੱਲਰ ਚਾਨਣੀ ਦਾ
ਅੰਬਰਾਂ ਦੇ ਦਾਬੜੇ
ਆਸ ਦਾ ਮੈਲਾ ਵਿਛੌਣਾ
ਰਾਤ ਭਰ ਧੋਂਦੇ ਰਹੇ ।
ਵਕਤ ਪਾ ਕੇ ਹੌਲੀ-ਹੌਲੀ
ਸਾਹ ਮੇਰੇ ਚਗ਼ਲੇ ਗਏ
ਹੋ ਗਈ ਜੂਠੀ ਜਵਾਨੀ
ਨੈਣ ਹੋ ਗੰਦਲੇ ਗਏ ।
ਹਵਸ ਦਾ ਪਾਪੀ ਫੁਲੇਰਾ
ਇਤਰ ਕੱਢ ਕੇ ਲੈ ਗਿਆ
ਫੁੱਲ ਮਹਿਕ ਰੂਪ ਦੇ
ਹੋ ਹਸ਼ਰ ਲਈ ਫ਼ੁਗਲੇ ਗਏ ।
ਚੜ੍ਹ ਗਈ ਤੇਰੇ ਦੀਦਿਆਂ ‘ਤੇ
ਸੋਨੇ ਚਾਂਦੀ ਦੀ ਵੇ ਪਾਣ
ਲੱਖਾਂ ਸਾਣਾਂ ‘ਤੇ ਮੈਂ ਲਾਏ
ਪਰ ਨਾ ਮੁੜ ਬਦਲੇ ਗਏ ।
ਛੰਬ ਤੇਰੇ ਇਸ਼ਕ ਦਾ
ਇਕ ਰੋਜ਼ ਰੱਕੜ ਹੋ ਗਿਆ
ਮਰ ਗਈਆਂ ਵੇ ਟਿੱਚਰਾਂ
ਤੇ ਦੂਰ ਉੱਡ ਬਗਲੇ ਗਏ ।
ਫੇਰ ਇਕ ਦਿਨ ਮੇਰਿਆਂ
ਕੰਨਾਂ ਦੇ ਪਰਦੇ ਚੀਰਦੀ
ਲੰਘ ਗਈ ਆਵਾਜ਼
ਸ਼ਹਿਨਾਈ ਦੀ ਕੂਕਾਂ ਮਾਰਦੀ ।
ਘੁਲ ਗਏ ਸਾਰੇ ਗਰਾਂ ਦੀ
ਪੌਣ ਵਿਚ ਤੇਰੇ ਸੁਹਾਗ
ਜਾ ਰਹੀ ਸੀ ਪਾਲਕੀ
ਵੀਹਵੀਂ ਸਦੀ ਦੇ ਪਿਆਰ ਦੀ ।
ਮੋਤੀਆਂ ਦੇ ਭਾਅ ਤੇਰਾ
ਬੇਹਾ ਜਿਸਮ ਸੀ ਵਿਕ ਗਿਆ
ਪਤਝੜਾਂ ਵਿਚ ਪੈ ਗਈ
ਕੀਮਤ ਤੇਰੀ ਗੁਲਜ਼ਾਰ ਦੀ ।
ਬੀਤਦੀ ਰਹੀ ਉਮਰ ਮੇਰੀ
ਮੇਲ ਦੇ ਰਾਹ ਹੂੰਝਦੀ
ਭਟਕਦੀ ਰਹੀ ਰੀਝ ਮੇਰੀ
ਹਿਜਰ ਦੇ ਵੱਗ ਚਾਰਦੀ ।
ਰਾਤ ਦਿਨ ਲੈਂਦੇ ਰਹੇ
ਤੇਰੇ ਮਹਿਲ ਦੀ ਪਰਦੱਖਣਾ ।
ਸ਼ਹਿਦ ਤੇਰੀ ਦੀਦ ਦਾ
ਪਰ ਮੁੜ ਨਾ ਜੁੜਿਆ ਚੱਖਣਾ ।
ਹਰ ਸਾਲ ਬੇਲੀਂ ਪੀਲੜੂ
ਗਰਨੇ ਵੰਨੀਂ ਪੱਕਦੇ ਰਹੇ
ਪਰ ਨਾ ਆਇਆ ਤੂੰ ਕਦੀ ਵੇ
ਖਾਣ ਮੇਰੇ ਮੱਖਣਾ ।
ਫੇਫੜੇ ਮੇਰੇ ਲਹੂ ਦੀਆਂ
ਬੋਟੀਆਂ ਥੁੱਕਦੇ ਰਹੇ
ਹੋ ਗਿਆ ਪਿੱਤਾ ਵੀ ਮੇਰਾ
ਖ਼ੂਨ ਤੋਂ ਵੇ ਸੱਖਣਾ ।
ਫੇਰ ਵੀ ਇਹ ਭੂਕ ਪੀਲਾ
ਜਿਸਮ ਮੇਰਾ ਲਾਸ਼ ਜਿਹੀ
ਲੁੜਛਦਾ ਹੀ ਮਰ ਗਿਆ
ਤੇਰੇ ਸ਼ਹਿਰ ਜਾ ਕੇ ਵੱਸਣਾ ।
ਅੱਜ ਤੇਰੀ ਯਾਦ ਦਾ ਹੀ
ਇਕ ਸਹਾਰਾ ਰਹਿ ਗਿਐ ।
ਕੁਲ ਲੁਕਾਈ ਦਾ ਜੋ ਗ਼ਮ ਹੈ
ਹਿੱਕੜੀ ਵਿਚ ਲਹਿ ਗਿਐ ।
ਪਾਣੀਆਂ ਕੰਢੇ ਜਿਵੇਂ ਹੈ
ਲਹਿਲਹਾਂਦਾ ਡੀਲੜਾ
ਬੁੱਲ੍ਹੀਆਂ ‘ਤੇ ਲਹਿਲਹਾਂਦਾ
ਦਰਦ ਮੇਰੇ ਰਹਿ ਗਿਐ ।
ਨਜ਼ਰ ਦੇ ਅਸਮਾਨ ਮੋਹ ਦੀ
ਚੀਲ ਹੈ ਮੰਡਲਾ ਰਹੀ
ਆਸ ਦੀ ਮਮਟੀ ‘ਤੇ ਕੋਈ
ਆ ਕੇ ਸ਼ਿਕਰਾ ਬਹਿ ਗਿਐ ।
ਹੰਝੂਆਂ ਦੇ ਸਾਉਣ ਵਿਚ
ਐਸਾ ਚੁਮਾਸਾ ਲੱਗਿਐ
ਜਿਸਮ ਮੇਰਾ ਝੁਲਸਿਆ
ਇਕ ਕਰੰਗ ਬਣ ਕੇ ਰਹਿ ਗਿਐ ।
ਕਾਰੂੰਆਂ ਦੀਏ ਜ਼ਾਦੀਏ
ਤੂੰ ਖ਼ੂਬ ਦਿੱਤੀ ਹੈ ਸਜ਼ਾ
ਆ ਕਿ ਬਚਿਆ ਖ਼ੂਨ ਵੀ
ਜਿੰਦੇ ਨੀ ਤੈਨੂੰ ਦਾਂ ਪਿਆ ।
ਆ ਕੇ ਭਾਵੇਂ ਜੋਕ ਹੈਂ
ਸ਼ਾਹ ਰਗ ‘ਤੇ ਤੈਨੂੰ ਲਾ ਲਵਾਂ
ਆ ਕਿ ਕਿੱਲਰੀ ਨਾਗਣੇਂ
ਤੈਨੂੰ ਜੀਭ ਉੱਤੇ ਲਾਂ ਲੜਾ ।
ਮੇਰੀ ਗ਼ੁਰਬਤ ਨੂੰ ਤੇਰੀ ਦੌਲਤ ‘ਤੇ
ਕੋਈ ਰੋਸ ਨਹੀਂ
ਜਾ ਰਿਹਾਂ ਪਰਲੋਕ ਮੇਰੀ
ਅਲਵਿਦਾ ! ਮੇਰੀ ਅਲਵਿਦਾ !
ਅੱਜ ਸ਼ਫ਼ਾਖਾਨੇ ਚ ਸ਼ਾਇਦ
ਆਖ਼ਰੀ ਇਹ ਰਾਤ ਹੈ
ਕੀਹ ਪਤਾ ਨਾ ਵੇਖ ਸਕਾਂ
ਫ਼ਜ਼ਰ ਦੀ ਪਹਿਲੀ ਸ਼ੁਆ ।