Punjabi Poetry

Shiv Kumar Batalvi – Uchian pahadiyan de


ਉੱਚੀਆਂ ਪਹਾੜੀਆਂ ਦੇ
ਉਹਲੇ ਉਹਲੇ ਸੂਰਜਾ
ਰਿਸ਼ਮਾਂ ਦੀ ਲਾਬ ਪਿਆ ਲਾਏ ।
ਪੀਲੀ ਪੀਲੀ ਧੁੱਪੜੀ ਨੂੰ
ਭੰਨ ਭੰਨ ਪੋਟਿਆਂ ਥੀਂ
ਟੀਸੀਆਂ ਨੂੰ ਬਾਂਕੜੀ ਲੁਆਏ ।

ਗਿੱਟੇ ਗਿੱਟੇ ਪੌਣਾਂ ਵਿਚ
ਵਗਣ ਸੁਗੰਧੀਆਂ ਨੀ
ਨੀਂਦ ਪਈ ਪੰਖੇਰੂਆਂ ਨੂੰ ਆਏ ।
ਸਾਵੇ ਸਾਵੇ ਰੁੱਖਾਂ ਦੀਆਂ
ਝੰਗੀਆਂ ‘ਚ ਕੂਲ ਕੋਈ
ਬੈਠੀ ਅਲਗੋਜੜੇ ਵਜਾਏ ।

ਪਾਣੀਆਂ ਦੇ ਸ਼ੀਸ਼ੇ ਵਿਚ
ਮੁੱਖ ਵੇਖ ਕੰਮੀਆਂ ਦੇ
ਰੋਣ ਪਏ ਨੀ ਪੱਤ ਕੁਮਲਾਏ ।
ਨਿੱਕੇ ਨਿੱਕੇ ਘੁੰਗਰੂ ਨੀ
ਪੌਣ ਬੰਨ੍ਹ ਪੈਰਾਂ ਵਿਚ
ਅੱਡੀਆਂ ਮਰੀਂਦੀ ਟੁਰੀ ਜਾਏ ।

ਕੂਲੀਆਂ ਕਰੂੰਬਲਾਂ ‘ਤੇ
ਸੁੱਤੇ ਜਲ-ਬਿੰਦੂਆਂ ‘ਚ
ਕਿਰਨਾਂ ਦੇ ਦੀਵੜੇ ਜਗਾਏ ।
ਆਉਂਦੇ ਜਾਂਦੇ ਰਾਹੀਆਂ ਨੂੰ
ਪਟੋਲਾ ਜਿਹੀ ਸੋਨ-ਚਿੜੀ
ਮਾਰ ਮਾਰ ਸੀਟੀਆਂ ਬੁਲਾਏ ।

ਨੀਲੇ ਨੀਲੇ ਅੰਬਰਾਂ ‘ਚ
ਉੱਡੇ ਅਬਾਬੀਲ ਕੋਈ
ਕਿਰਨਾਂ ਦੀ ਕੰਙਣੀ ਪਈ ਖਾਏ ।
ਮਿੱਠੜੀ ਤਰੇਲ ਦੀ
ਛਬੀਲ ਲਾ ਕੇ ਫੁੱਲ ਕੋਈ
ਛਿੱਟ-ਛਿੱਟ ਭੌਰਾਂ ਨੂੰ ਪਿਆਏ ।

ਬੂਹੇ ਖਲੀ ਤਿਤਲੀ
ਫ਼ਕੀਰਨੀ ਨੂੰ ਮੌਲਸਰੀ
ਖ਼ੈਰ ਪਈ ਸੁਗੰਧੀਆਂ ਦੀ ਪਾਏ ।
ਏਸ ਰੁੱਤੇ ਪੀੜ ਨੂੰ
ਪਿਉਂਦ ਲਾ ਕੇ ਹੌਕਿਆਂ ਦੀ
ਵਾਸਤਾ ਈ ਧੀਆਂ ਦਾ ਨੀ ਮਾਏ ।

ਥੱਕੀ ਥੱਕੀ ਪੀੜ ਕੋਈ
ਨੀਝਾਂ ਦੀਆਂ ਡੰਡੀਆਂ ‘ਤੇ
ਪੋਲੇ ਪੋਲੇ ਔਂਸੀਆਂ ਪਈ ਪਾਏ ।
ਟੁੱਟ ਪੈਣਾ ਮਿੱਠਾ-ਮਿੱਠਾ

ਬਿਰਹਾ ਨੀ ਅੱਥਰਾ

ਵਿਚੇ ਵਿਚ ਹੱਡੀਆਂ ਨੂੰ ਖਾਏ ।

ਸੱਜਣਾਂ ਦੇ ਮੇਲ ਦਾ

ਕਢਾ ਦੇ ਛੇਤੀ ਸਾਹਿਆ ਕੋਈ

ਚੈਨ ਸਾਡੇ ਦੀਦਿਆਂਨੂੰ ਆਏ ।

ਸੱਜਣਾਂ ਦੇ ਬਾਝ ਜੱਗ

ਅਸਾਂ ਲਟਬੌਰੀਆਂ ਨੂੰ

ਆਖ ਆਖ ਝੱਲੀਆਂ ਬੁਲਾਏ ।

ਏਸ ਪਿੰਡ ਕੋਈ ਨਹੀਉਂ

ਸਕਾ ਸਾਡਾ ਅੰਮੀਏ ਨੀ

ਜਿਹੜਾ ਸਾਡੀ ਪੀੜ ਨੂੰ ਵੰਡਾਏ ।

ਏਸੇ ਰੁੱਤੇ ਸੱਜਣਾਂ ਤੋਂ ਬਾਝ

ਤੇਰੇ ਪਿੰਡ ਮਾਏ

ਇਕ ਪਲ ਕੱਟਿਆ ਨਾ ਜਾਏ ।

ਉੱਚੀਆਂ ਪਹਾੜੀਆਂ ਦੇ

ਉਹਲੇ ਉਹਲੇ ਸੂਰਜਾ

ਰਿਸ਼ਮਾਂ ਦੀ ਲਾਬ ਪਿਆ ਲਾਏ ।

ਪੀਲੀ ਪੀਲੀ ਧੁੱਪੜੀ ਨੂੰ

ਭੰਨ ਭੰਨ ਪੋਟਿਆਂ ਥੀਂ

ਟੀਸੀਆਂ ਨੂੰ ਬਾਂਕੜੀ ਲੁਆਏ ।