Punjabi Poetry

Shiv Kumar Batalvi – Mehak


ਅਸਾਂ ਚੁੰਮ ਲਏ ਅੱਜ ਫੇਰ ਕਿਸੇ ਦੇ ਬੋਦੇ ।
ਅਸਾਂ ਰਾਤ ਗੁਜ਼ਾਰੀ ਬੈਠ ਸੱਜਣ ਦੀ ਗੋਦੇ ।

ਅੱਜ ਸਾਹ ‘ਚੋਂ ਆਵੇ ਮਹਿਕ ਗੁਲਾਬਾਜ਼ੀ ਦੀ,
ਅੱਜ ਕੌਣ ਪਿਆ ਪੁੱਠ-ਕੰਡਾ ਗ਼ਮ ਦਾ ਖੋਦੇ ।

ਅਸਾਂ ਪੀਤਾ ਨੀ ਉਹਦੇ ਹੰਝੂਆਂ ਦਾ ਚਰਨਾਮਤ,
ਅਸਾਂ ਬਿੰਦੇ ਨੀ ਉਹਦੇ ਪੈਰ ਨਿਵਾ ਕੇ ਗੋਡੇ ।

ਆਏ ਨਿਕਲ ਨੀ ਅੜੀਓ ਕਿੱਲ ਸਮੇਂ ਦੇ ਮੁੱਖ ‘ਤੇ,
ਅਸਾਂ ਨੈਣ ਉਹਦੇ ਜਦ ਨੈਣਾਂ ਦੇ ਵਿਚ ਡੋਬੇ ।

ਖੁਲ੍ਹਿਆ ਨੀ ਉਹਦੀ ਦੀਦ ਦਾ ਰੋਜ਼ਾ ਖੁਲ੍ਹਿਆ,
ਪੜ੍ਹੀਆਂ ਨੀ ਅਸਾਂ ਦਿਲ ਦੀਆਂ ਆਇਤਾਂ ਪੜ੍ਹੀਆਂ ।

ਕਰੇ ਨਾਲ ਨਜ਼ਾਕਤ ਬਾਤੜੀਆਂ ਜਦ ਮਾਹੀ,
ਹੋ ਜਾਣ ਪੁਰੇ ਦੀਆਂ ਸੀਤ ਹਵਾਵਾਂ ਖੜੀਆਂ ।

ਓਹਦੇ ਮੁੱਖ ਦੀ ਲਏ ਪਰਦੱਖਣਾ ਚੰਨ ਸਰਘੀ ਦਾ,
ਉਹਦੇ ਨੈਣਾਂ ਦੇ ਵਿਚ ਰਾਤੜੀਆਂ ਡੁੱਬ ਮਰੀਆਂ ।

ਉਹਦੇ ਵਾਲਾਂ ਦੇ ਵਿਚ ਖੇਡੇ ਪੋਹ ਦੀ ਮੱਸਿਆ,
ਉਹਦੇ ਬੁਲ੍ਹੀਂ ਸੂਹੀਆਂ ਚੀਚ-ਵਹੁਟੀਆਂ ਖਰੀਆਂ ।

ਮੌਲੀ ਨੀ ਸਾਡੇ ਦਿਲ ਦੀ ਵੇਦਨ ਮੌਲੀ,
ਪੀਤੀ ਨੀ ਅਸਾਂ ਪੀੜ ਚੁਲੀ ਭਰ ਪੀਤੀ ।

ਪੈ ਗਈ ਨੀ ਮੇਰੇ ਡੋਲ ਕਲੇਜੇ ਪੈ ਗਈ,
ਅਸਾਂ ਤੋੜ ਕਲੀ ਸਤਬਰਗੇ ਦੀ ਅੱਜ ਲੀਤੀ ।

ਸੁੰਨ-ਮਸੁੰਨੀ ਸੰਘਣੀ ਦਿਲ ਦੀ ਝੰਗੀ,
ਕੂਕ ਕੂਕ ਅੱਜ ਮੋਰਾਂ ਬੌਰੀ ਕੀਤੀ ।

ਹੋਈ ਨੀ ਮੇਰੀ ਨੀਝ ਸ਼ਰਾਬਣ ਹੋਈ,
ਗਈ ਨੀ ਸਾਡੀ ਜੀਭ ਹਸ਼ਰ ਲਈ ਸੀਤੀ ।

ਜੁੜੀਆਂ ਨੀ ਯਾਦਾਂ ਦੇ ਪੱਤਣੀਂ ਛਿੰਝਾਂ,
ਪਈਆਂ ਨੀ ਮੇਰੇ ਦਿਲ ਦੇ ਥੇਹ ‘ਤੇ ਰਾਸਾਂ ।

ਲਾਇਆ ਨੀ ਮੈਂ ਦਿਲ ਦੇ ਵਿਹੜੇ ਮਰੂਆ,
ਗੁੰਨ੍ਹੀ ਨੀ ਮੈਂ ਭਰ ਭਰ ਮਹਿਕ ਪਰਾਤਾਂ ।

ਮੇਰੇ ਸਾਹੀਂ ਕੂਲ ਵਗੇ ਨੀ ਅੱਜ ਨਸ਼ਿਆਂ ਦੀ,
ਪਿਆ ਮਾਰੇ ਨੀ ਦਰਿਆ ਮਦਿਰਾ ਦਾ ਠਾਠਾਂ ।

ਹੋਇਆ ਨੀ ਮੇਰੇ ਦਿਲ ਵਿਚ ਚਾਨਣ ਹੋਇਆ,
ਮੈਥੋਂ ਮੰਗਣ ਆਈਆਂ ਖ਼ੈਰ ਨੀ ਅੱਜ ਪਰਭਾਤਾਂ ।