Punjabi Poetry

Shiv Kumar Batalvi – Mel


ਅੱਜ ਫੇਰ ਕੋਈ ਲੈ ਗਿਆ
ਮੇਰਾ ਗ਼ਮ ਉਧਾਲ ਕੇ
ਵਰ੍ਹਿਆਂ ਤੋਂ ਬਾਅਦ ਗੋਦ ਵਿਚ
ਦੋ ਪਲ ਬਿਠਾਲ ਕੇ ।

ਘਣੀਆਂ ਸਿਆਹ ਕਾਲੀਆਂ
ਸੰਦਲੀ ਲਟੂਰੀਆਂ
ਮਿਣਦਾ ਰਿਹਾ ਕੋਈ ਰਾਤ ਭਰ
ਬਾਂਹ ‘ਤੇ ਸੁਆਲ ਕੇ ।

ਕਰਦਾ ਰਿਹਾ ਉਹ ਕੀਰਨੇ
ਪਾ ਪਾ ਅਲਾਹੁਣੀਆਂ
ਹੰਝੂਆਂ ‘ਚ ਸਾਡੀ ਪੀੜ ਦਾ
ਮੁਰਦਾ ਨੁਹਾਲ ਕੇ ।

ਯਾਦਾਂ ਜ਼ੰਗਾਲੀਆਂ ਨੂੰ ਲਾ
ਬੁੱਲ੍ਹੀਆਂ ਦੀ ਸਾਣ ‘ਤੇ
ਕਰਦਾ ਰਿਹਾ ਗਲੋੜੀਆਂ
ਦੀਦੇ ਹੰਗਾਲ ਕੇ ।

ਆਈ ਹੈ ਮੁਸਕਰਾਣ ਦੀ
ਆਈ ਹੈ ਰੁੱਤੜੀ
ਅੱਜ ਮੱਸਿਆ ਦੀ ਜ਼ੁਲਫ਼ ‘ਚੋਂ
ਕਾਲਖ ਹੈ ਨੁੱਚੜੀ ।

ਹੈ ਫੇਰ ਕੋਕਾ ਲਿਸ਼ਕਿਆ
ਗੋਰੀ ਉਸ਼ੇਰ ਦਾ
ਆਥਣ ਨੇ ਫੇਰ ਭਰ ਲਈ
ਕਿਰਨਾਂ ਦੀ ਮੁੱਠੜੀ ।

ਅੱਜ ਬਿਰਹੜੇ ਦੀ ਅੱਖ ਵਿਚ
ਫੋਲਾ ਹੈ ਪੈ ਗਿਆ
ਦਿਲੀ ਦਰਦ ਦੀ, ਸੌਂਕਣਾਂ
ਖ਼ੁਸ਼ੀਆਂ ਲੈ ਲੁੱਟੜੀ ।

ਸਾਹਾਂ ‘ਚ ਫੇਰ ਉੱਗਿਆ
ਚੰਦਨ ਦਾ ਰੁੱਖੜਾ
ਨੈਣਾਂ ‘ਚ ਫੇਰ ਖਿੜ ਪਈ
ਸੂਰਜ ਦੀ ਫੁੱਟੜੀ ।

ਨੀਝਾਂ ਦੇ ਥਲ ‘ਚ ਮੋਹ ਦੀਆਂ
ਬੇ-ਅੰਤ ਡਾਚੀਆਂ
ਹੰਝੂ ਕਚਾਵੀਂ ਬ੍ਹਾਲ ਕੇ
ਧੂੜੀਂ ਗਵਾਚੀਆਂ ।

ਮੁੜ ਹਸਰਤਾਂ ਦੇ ਕੱਲਰੀਂ
ਫਿਰਿਆ ਸੁਹਾਗੜਾ
ਆਸਾਂ ਦੀ ਫਿੱਕੀ ਜੀਭ ‘ਤੇ
ਘੁਲੀਆਂ ਇਲਾਚੀਆਂ ।

ਮੁੜ ਤਿਤਲੀਆਂ ਚਾਵਾਂ ਦੀਆਂ
ਭੌਰੇ ਉਮੀਦ ਦੇ
ਆਪਣੇ ਦਿਲ ਦੇ ਬਾਗ਼ ‘ਚੋਂ
ਪੀਵਣ ਉਦਾਸੀਆਂ ।

ਸੋਚਾਂ ਦੀ ਭਰ ਉਜਾੜ ‘ਚੋਂ
ਹਾਵਾਂ ਦੇ ਬੂਟੜੇ
ਅੱਜ ਫੇਰ ਕੋਈ ਲੈ ਗਿਆ
ਕਰ ਕਰ ਕੇ ਗਾਚੀਆਂ ।

ਬਿਰਹੋਂ ਦੇ ਅੱਜ ਛਿਲੇ ਦੀਆਂ
ਘੜੀਆਂ ਨੇ ਪੁੱਗੀਆਂ
ਮਨ ਹੋ ਖ਼ੁਸ਼ੀ ‘ਚ ਖੀਵੜਾ
ਪਾਂਦਾ ਹੈ ਲੁੱਡੀਆਂ ।

ਦਿਲ ਦੇ ਖ਼ਲਾਅ ‘ਚ ਫੇਰ ਇਕ
ਛੁੱਟੀ ਹੈ ਫੁਲਝੜੀ
ਰੂਹ ਦੀ ਪੁਲਾੜ ਤੀਕ ਅੱਜ
ਕਿਰਨਾਂ ਨੇ ਪੁੱਜੀਆਂ ।

ਧੜਕਣ ਦੀ ਹਰ ਆਵਾਜ਼ ਵਿਚ
ਗੱਜਿਆ ਹੈ ਮੇਘਲਾ
ਮੁੜ ਕੇ ਜਿਗਰ ‘ਚ ਕਾਸ਼ਨੀ
ਧੂੜਾਂ ਨੇ ਉੱਡੀਆਂ ।

ਸੁਪਨੇ ‘ਚ ਮਿਲਿਆ ਫੇਰ ਅੱਜ
ਮਾਹੀ ਅਸਾਡੜਾ
ਗੀਤਾਂ ਦੀ ਸੋਹਲ ਜੀਭ ‘ਤੇ
ਸੂਈਆਂ ਨੇ ਚੁਭੀਆਂ ।