Punjabi Poetry

Surjit Singh Patar – Dhundla jeha he rehan de tu sach da inkshaaf


ਧੁੰਦਲਾ ਜਿਹਾ ਹੀ ਰਹਿਣ ਦੇ ਤੂੰ ਸੱਚ ਦਾ ਇੰਕਸ਼ਾਫ
ਦੇਖੀ ਨ ਮੈਥੋਂ ਜਾਏਗੀ ਤਸਵੀਰ ਸਾਫ ਸਾਫ

ਪੱਥਰ ਜਿਹਾ ਇਕ ਬਹਿ ਗਿਆ ਪਾਣੀ ਦਾ ਕਾਲਜੇ
ਪਾਣੀ ਦਾ ਤਲ ਤਾਂ ਹੋ ਗਿਆ ਸ਼ੀਸ਼ੇ ਜਿਹਾ ਸ਼ਫਾਫ

ਰਾਤਾਂ ਨੂੰ ਹੁੰਦੀ ਹੈ ਜਿਰਹ ਨਿਤ ਉਸਦੇ ਕਾਲਜੇ
ਦਿਨ ਦੀ ਅਦਾਲਤ ‘ਚੋਂ ਉਹ ਬੇਸ਼ਕ ਹੋ ਗਿਆ ਹੈ ਮਾਫ

ਛੁੰਹਦਾ ਹਾਂ ਤੇਰਾ ਜਿਸਮ ਮੈਂ ਪੜ੍ਹਦਾ ਜਿਵੇਂ ਬਰੇਲ
ਚੁੰਧਿਆ ਕੇ ਅੰਨ੍ਹਾਂ ਕਰ ਗਿਆ ਇਕ ਨਗਨ ਸੱਚ ਸ਼ਫਾਫ

ਵਾਅਦਾ ਮੁਆਫ ਬਣ ਗਿਆ ਹਉਕਾ ਹੀ ਇਕ ਗਵਾਹ
ਘੁੱਟਿਆ ਜੁ ਦਮ ਵਜੂਦ ‘ਚੋਂ ਨਿਕਲੀ ਨ ਗੱਲ ਦੀ ਭਾਫ

ਜੜ ਤੀਕਰਾਂ ਹੈ ਹਿਲਾ ਗਿਆ ਤੂਫਾਨ ਬਿਰਖ ਨੂੰ
ਮਿੱਟੀ ਦੇ ਬਾਵਜੂਦ ਤੇ ਦਾਅਵੇ ਦੇ ਬਰਖਿਲਾਫ

ਤੂੰ ਵੀ ਕਿਤੇ ਹੈਂ ਜਾਗਦਾ ਮੇਰੇ ਹੀ ਵਾਂਗਰਾਂ
ਇਕ ਥਲ ਦੇ ਵਾਂਗ ਜਾਗਦਾ ਦੋਹਾਂ ‘ਚ ਇਖਤਿਲਾਫ

ਦੇਖੇ ਤਪਾ ਕੇ ਰੂਹ ‘ਚੋਂ ਮੈਂ ਕਤਰੇ ਕਸ਼ੀਦ ਕੇ
ਪੱਕਾ ਕੋਈ ਸਬੂਤ ਨਾ ਮਿਲਿਆ ਮੇਰੇ ਖਿਲਾਫ

ਲੈ ਜਾ ਇਹ ਜ਼ੇਵਰ ਇਸ਼ਕ ਦਾ ਆਂਦਰ ਦੀ ਡੋਰ ਤੋੜ,
ਕੱਢ ਲੈ ਕਿਸੇ ਕੁਠਾਲੀਓਂ ਲੱਭ ਲੈ ਕੋਈ ਸਰਾਫ਼

ਲਿਖ ਲਿਖ ਕੇ ਕਰਦਾਂ ਰੋਜ਼ ਮੈਂ ਨੀਲੇ ਬਹੁਤ ਸਫੇ
ਪਰ ਹਾਇ ਗਮ ਦੀ ਜ਼ਹਿਰ ਦਾ ਗਿਰਦਾ ਨਹੀਂ ਗਰਾਫ

ਮੁੱਕਿਆ ਨਾ ਮੇਰਾ ਦਰਦ ਸਭ ਮੁਕ ਗਏ ਨੇ ਕਾਫੀਏ
ਕਰਦਾਂ ਰਿਹਾਂ ਜ਼ਮੀਨ ਦੀ ਮੈਂ ਰਾਤ ਭਰ ਤਵਾਫ

ਮੈਂ ਕਾਫੀਏ ਦੀ ਭਾਲ ਵਿਚ ਜੰਗਲ ‘ਚ ਆ ਗਿਆ
ਹਾਜ਼ਰ ਹਾਂ ਮੈਂ ਐ ਹਜ਼ੂਰ ਕਹਿ ਕੇ ਹੱਸ ਪਿਆ ਜਿਰਾਫ਼