Surjit Singh Patar – Teri kithe mai kall tasveer dekhi
ਤੇਰੀ ਕਿੱਥੇ ਮੈਂ ਕੱਲ ਤਸਵੀਰ ਦੇਖੀ
ਕਲੇਜੇ ਅਪਣੇ ਜਿਉਂ ਸ਼ਮਸ਼ੀਰ ਦੇਖੀ
ਮੈਂ ਅੱਖਾਂ ਮੀਟ ਕੇ ਆਪੇ ਨੂੰ ਤੱਕਿਆ
ਤਾਂ ਅਪਣੇ ਗਿਰਦ ਸੌ ਜ਼ੰਜੀਰ ਦੇਖੀ
ਲਿਖੀ ਇਕ ਰਾਤ ਉੱਤੇ ਸਾਨਗੀ ਨੇ
ਮੈਂ ਜਗਦੀ ਜਾਮਨੀ ਤਹਿਰੀਰ ਦੇਖੀ
ਮੈਂ ਏਨਾ ਨੇੜਿਓਂ ਪਾਣੀ ਨੂੰ ਤੱਕਿਆ
ਕਿ ਹਰ ਕਤਰੇ ਦੇ ਦਿਲ ‘ਚ ਲਕੀਰ ਦੇਖੀ
ਨ ਮਿਲਿਆ ਗੀਤ ਸ਼ਬਦ ਖਿਆਲ ਕੋਈ
ਕਿਸੇ ਖੰਜ਼ਰ ਨੇ ਛਾਤੀ ਚੀਰ ਦੇਖੀ
ਜਦੋਂ ਦਾ ਨੇੜਿਓਂ ਤੱਕਿਆ ਮੈਂ ਖੁਦ ਨੂੰ
ਮੈਂ ਕੁਲ ਖਲਕਤ ਹੀ ਬੇ-ਤਕਸੀਰ ਦੇਖੀ
ਨਵੇਂ ਦੁੱਖ ਵਿਚ ਪੁਰਾਣੇ ਲਫਜ਼ ਤੜਪੇ
ਨਵੇਂ ਵਾਕਾਂ ਦੀ ਇਉਂ ਤਾਮੀਰ ਦੇਖੀ