Punjabi Poetry

Ashraf Gill – Meri osdi dosti, nibhdi nazar aaundi nahi

ਮੇਰੀ ਉਸਦੀ ਦੋਸਤੀ, ਨਿਭਦੀ ਨਜ਼ਰ ਅਓਂਦੀ ਨਈਂ

ਮੇਰੀ ਉਸਦੀ ਦੋਸਤੀ, ਨਿਭਦੀ ਨਜ਼ਰ ਅਓਂਦੀ ਨਈਂ ।
ਕੋਈ ਮੇਰੀ ਗੱਲ ਓਹਨੂੰ, ਸਿੱਧੀ ਨਜ਼ਰ ਅਓਂਦੀ ਨਈਂ ।

ਸੋਚਿਆਂ ਬਿਨ ਕਰ ਰਿਹੈ, ਮੇਰੇ ਤੇ ਓਹ ਸ਼ਿਕਵੇ ਗਿਲ੍ਹੇ,
ਉਸ ਨੂੰ ਖ਼ੌਰੇ ਮੇਰੀ ਮਜਬੂਰੀ, ਨਜ਼ਰ ਅਓਂਦੀ ਨਈਂ ।

ਝੋਲੀਆਂ ਭਰ ਲੋਕ ਬੈਠੇ, ਰੋੜਿਆਂ, ਪਥਰਾਂ ਦੇ ਨਾਲ,
ਇਸ਼ਕ ਮੁਖੜੇ ਡਰ ਦੀ ਪਰ, ਰੱਤੀ ਨਜ਼ਰ ਅਓਂਦੀ ਨਈ ।

ਵੇਖ ਮਜ਼ਲੂਮਾਂ ਨੂੰ ਜਾਂ, ਓਹ ਜਾਣ ਕੇ ਚੁਪ ਹੋ ਰਿਹੈ,
ਯਾ ਫ਼ਿਰ ਇਸ ਆਕਾਸ਼ ਨੂੰ, ਧਰਤੀ ਨਜ਼ਰ ਅਓਂਦੀ ਨਈਂ ।

ਚਾੜ੍ਹ ਲਏ ਲੋਕਾਂ ਚੁਬਾਰੇ, ਮੇਰੇ ਘਰ ਦੇ ਹਰ ਤਰਫ਼,
ਮੇਰੇ ਘਰ ਹੁਣ ਧੁਪ ਉਤਰਦੀ ਵੀ, ਨਜ਼ਰ ਅਓਂਦੀ ਨਈ ।

ਹਸਦੀਆਂ ਸ਼ਕਲਾਂ ਦੇ ਪਿੱਛੇ, ਤਿਊੜਿਆਂ ਤੇ ਨਫ਼ਰਤਾਂ,
ਏਥੇ ਕੋਈ ਚੀਜ਼ ਵੀ ਅਸਲੀ, ਨਜ਼ਰ ਅਓਂਦੀ ਨਈਂ ।

ਜਿਹਨੀਂ ਡਾਲੀਂ ਗੌਂ ਕੇ ਪੰਛੀ, ਉੱਡ ਗਏ, ਪਰਤੇ ਨਈਂ,
ਓਹਨਾਂ ਰੁੱਖਾਂ ਤੇ ਹੀ ਹਰਿਆਲੀ, ਨਜ਼ਰ ਅਓਂਦੀ ਨਈਂ ।

ਜ਼ਿਹਨ ਦੇ ਆਲ਼ੇ ਦਵਾਲੇ, ਏਸਰੈਂ ਗੂੜ੍ਹਾ ਧੁਆਂ,
ਸ਼ਕਲ ਸੋਚਾਂ ਨੂੰ ਵੀ ਹੁਣ ਅਪਣੀ, ਨਜ਼ਰ ਅਓਂਦੀ ਨਈਂ ।

ਲਗ ਗਈ ਜਿਸ ਨੂੰ ਬਿਮਾਰੀ, ਪਿਆਰ ਦੀ ਬਸ ਇਕ ਦਫ਼ਾ,
ਨਾਲ ਦਾਰੂ ਧਾਗਿਆਂ, ਜਾਂਦੀ ਨਜ਼ਰ ਅਓਂਦੀ ਨਈਂ ।

ਬੰਦ ਕਰ ‘ਅਸ਼ਰਫ਼’, ਕਮਾਈ ਸਿਫ਼ਰ ਤੋਂ ਵਧਣੀ ਨਈਂ,
ਇਸ਼ਕ ਦੀ ਹੱਟੀ ਦੇ ਵਿਚ ਖੱਟੀ, ਨਜ਼ਰ ਅਓਂਦੀ ਨਈਂ ।