Manwinder Maan – Ishq de saiyan he langhe kaafile
ਇਸ਼ਕ ਦੇ ਸੈਆਂ ਹੀ ਲੰਘੇ ਕਾਫ਼ਲੇ
ਦਿਲ ਦਿਆਂ ਰਾਹਾਂ ‘ਤੇ ਉੱਡਦੀ ਪੀਕ ਵੇ
ਜੋਗੀਆਂ ਵਰਗੇ ਹੀ ਸੱਜਣ ਨਿੱਕਲੇ
ਠਹਿਰਿਆ ਨਾ ਇੱਕ ਵੀ ਨਜ਼ਦੀਕ ਵੇ
ਮਹਿਕ ਵਰਗੇ ਸਾਲ ਸਾਰੇ ਲੱਗਦੇ
ਭਰਮ ਜਿਆ ਕੋਈ ਲੱਗਦੀ ਤਾਰੀਖ਼ ਵੇ
ਆਦਮੀ ਨੇ ਘੜ ਲਏ ਜੋ ਹਿੰਦਸੇ
ਇਹ ਤਾਂ ਸਾਰੇ ਪਾਣੀਆਂ ‘ਤੇ ਲੀਕ ਵੇ
ਚੈਨ ਦੇ ਚੀਨੇ ਸਦਾ ਲਈ ਉੱਡ ਗਏ
ਹਾਸਿਆਂ ਨੂੰ ਲਾ ਗਿਆ ਕੋਈ ਡੀਕ ਵੇ
ਛੱਪੜਾਂ ਦੇ ਪਾਣੀਆਂ ਵਿੱਚ ਘੁਲ ਗਈ
ਝੀਂਗਰਾਂ ਦੀ ਤੀਰ ਵਰਗੀ ਚੀਕ ਵੇ
ਅਕਲ ਜੀਕਣ ਮੋਥਰੇ ਦੀ ਜੜ੍ਹ ਕੋਈ
ਬਹੁਤ ਡੂੰਘੀ ਪੁੱਜ ਕੇ ਬਾਰੀਕ ਵੇ
ਕਾਸ਼ ਮੇਰੇ ਜ਼ਿਹਨ ਵਿੱਚ ਵੀ ਕਰ ਦੇਵੇ
ਚਾਨਣਾਂ ਨੂੰ ਪਾਤਸ਼ਾਹ ਤਸਦੀਕ ਵੇ