Punjabi Poetry

Manwinder Maan – Khalsa


ਲੱਖ ਜ਼ੋਰ ਲਾ ਲਓ ਭਾਂਵੇਂ
ਦੁਨੀਆਂ ਗਵਾਹ ਹੈ ਕਦੇ
ਖੇੜਿਆਂ ਦੇ ਵਸਣਾ ਨਈ ਹੀਰ ਨੇ
ਸਮਿਆਂ ਦੀ ਤਖ਼ਤੀ ‘ਤੇ
ਪੜ੍ਹੇਗਾ ਜ਼ਮਾਨਾ ਜਿਹੜੇ
ਲਿਖ ਦਿੱਤੇ ਕਿੱਸੇ ਸ਼ਮਸ਼ੀਰ ਨੇ
ਜਿੰਦਾਂ ਭਾਂਵੇਂ ਡੁੱਬ ਜਾਣ
ਹੌਸਲੇ ਡੁਬੋਣੇ ਕਿੱਥੇ
ਚੜ੍ਹ ਚੁੱਕੇ ਸਰਸਾ ਦੇ ਨੀਰ ਨੇ
ਗੜ੍ਹੀਆਂ ਦੇ ਘੇਰਿਆਂ ‘ਚੋਂ
ਤੀਰਾਂ-ਕਿਰਪਾਨਾਂ ਵਾਲੇ
ਤਾੜੀ ਮਾਰ ਲੰਘਦੇ ਫਕੀਰ ਨੇ
ਖਾਲਸੇ ਦੇ ਰੰਗ ਦੇਖੋ
ਗੁਰੂਆਂ ਦੀ ਮੌਜ ਕੈਸੀ
ਇਹੀ ਨੇ ਸਿਪਾਹੀ, ਇਹੀ ਪੀਰ ਨੇ
ਤਾਰਿਆਂ ਦੀ ਛਾਂਵੇਂ ਜਿਹੜੇ
ਚੌਕੜਾ ਲਗਾਈ ਬੈਠੇ
ਭਲਕੇ ਨੂੰ ਬਣ ਜਾਣੇ ਤੀਰ ਨੇ
ਉੱਠ ਕੇ ਸਮਾਧੀਆਂ ‘ਚੋਂ
ਤੇਰੀਆਂ ਬੰਦੂਕਾਂ ਅੱਗੇ
ਹਿੱਕਾਂ ਡਾਹ ਡਾਹ ਖੜ੍ਹਨੇ ਸਰੀਰ ਨੇ
ਝੂਲਦੇ ਨਿਸ਼ਾਨ ਰਹਿਣੇ
ਸਦਾ ਇੱਥੇ ਖਾਲਸੇ ਦੇ
ਦਿੱਲੀਆਂ ਤਾਂ ਪਾਣੀ ‘ਤੇ ਲਕੀਰ ਨੇ ~