Santokh Singh Dhir – Bahut galat

ਬਹੁਤ ਗਲਤ ਕੀਤਾ ਅਸੀਂ
ਜਿਹੜਾ ਜ਼ਾਰ ਨੂੰ ਮਾਰਿਆ
ਕਿਉਂਕਿ ਫੇਰ ਆਪ ਸਾਨੂੰ
ਜ਼ਾਰ ਬਣਨਾ ਪੈ ਗਿਆ।

ਜ਼ਾਰ ਚਾਹੁੰਦੇ ਸਨ
ਸੂਰਜ ਜੇ ਚੜ੍ਹਨ
ਸਾਨੂੰ ਪੁੱਛ ਪੁੱਛ ਚੜ੍ਹਨ,
ਫੇਰ ਅਸੀਂ ਆਏ
ਸੂਰਜਾਂ ਨੂੰ ਆਖਿਆ
ਪੁੱਛ ਪੁੱਛ ਚੜ੍ਹੋ
ਕਿੰਨਾ ਕੁ ਚਮਕਣਾ ਹੈ
ਪੁੱਛ ਪੁੱਛ ਚਮਕੋ।
ਜ਼ਾਰ ਦੀ ਤਲਵਾਰ
ਕਤਲਗਾਹਾਂ ਦਾ ਸ਼ਿੰਗਾਰ
ਖੂੰਟੀ ਉਤੇ ਨੰਗੀ
ਅਸੀਂ ਖੂੰਟੀ ਉਤੋਂ ਲਾਹੀ
ਤੇ ਭਾਰਤ ਦੀ ਦੁਲਹਨ ਵਾਂਗ
ਲਾਲ ਸੂਹੇ ਰੰਗਾਂ ਨਾਲ
ਕਤਲਗਾਹ ਸ਼ਿੰਗਾਰੀ।
ਬਹੁਤ ਗਲਤ ਕੀਤਾ ਅਸੀਂ
ਜਿਹੜਾਂ ਜ਼ਾਰ ਨੂੰ ਮਾਰਿਆ
ਕਿਉਂਕਿ ਫੇਰ ਆਪ ਸਾਨੂੰ
ਜ਼ਾਰ ਬਣਨਾ ਪੈ ਗਿਆ।

ਜ਼ਾਰ ਚਲੇ ਗਏ
ਤਾਜਾਂ ਵਿਚ ਜੜੇ
ਹੀਰੇ ਉਦਾਸ ਹੋ ਗਏ
ਸਾਨੂੰ ਉਹਨਾ ਹੀਰਿਆਂ ਦਾ
ਦਿਲ ਧਰਾਉਣਾ ਪੈ ਗਿਆ
ਤਾਜ ਤਾਂ ਹੁਣ ਸਨ ਨਹੀਂ
ਅਸੀਂ ਉਹਨਾ ਹੀਰਿਆਂ ਨੂੰ
ਜੁੱਤੀਆਂ ‘ਤੇ ਜੜ ਲਿਆ।
ਹਉਮੈਂ-ਹੰਕਾਰ
ਨਹੀਂ, ਪੰਜੇ ਹੀ ਵਿਕਾਰ
ਸੋਗਵਾਰ ਬੈਠੇ ਸਨ
ਚਲੇ ਗਏ ਜ਼ਾਰ,
ਅਸੀਂ ਇਹਨਾ ਪੰਜਾਂ ਦੇ ਹੀ
ਹੰਝੂਆਂ ਨੂੰ ਪੂੰਝਿਆ
ਗਲੇ ਨਾਲ ਲਾਇਆ
ਤੇ ਫੇਰ ਆਪਣੇ ਖ਼ੂਨ ਦੀਆਂ
ਨਾੜਾਂ ਵਿਚ ਪਾ ਲਿਆ।
ਬਹੁਤ ਗਲਤ ਕੀਤਾ ਅਸੀਂ
ਜਿਹੜਾ ਜ਼ਾਰ ਨੂੰ ਮਾਰਿਆ
ਕਿਉਂਕਿਫੇਰ ਆਪ ਸਾਨੂੰ
ਜ਼ਾਰ ਬਣਨਾ ਪੈ ਗਿਆ

Leave a Reply