Punjabi Poetry

Santokh Singh Dhir – Nadi da geet


ਚੰਗੀ ਨਦੀਏ ਨੀ-
ਹੌਲੀ ਹੌਲੀ ਆਈਂ
ਕੱਸੀਆਂ ਵਿਚੋਂ ਖਾਲਾਂ ਵਿਚੋਂ
ਲਿਸ਼ ਲਿਸ਼ ਕਰਦੀ ਆਈਂ
ਕਿਰਨਾਂ ਭਰਦੀਏ ਨੀ
ਲਿਸ਼ ਲਿਸ਼ ਕਰਦੀ ਜਾਈਂ
ਸੁੰਨੀਆਂ ਸੁਨੀਆਂ ਰੋਹੀਆਂ ਦੇ ਵਿਚ
ਸਾਵੇ ਖੇਤ ਉਗਾਈਂ
ਲੰਮੀਏਂ ਲੰਝੀਏ ਨੀ
ਸਾਵੇ ਖੇਤ ਉਗਾਈਂ
ਸੰਖ, ਕੌਡੀਆਂ, ਪੱਥਰ, ਕੰਕਰ
ਸਭੋ ਰੋੜ ਲਿਆਈਂ
ਝੱਲ ਮੁਟਿਆਰੇ ਨੀ
ਸਭੋ ਰੋੜ ਲਿਆਈਂ
ਸ਼ੂਕਣ ਤੇਰੀਆਂ ਝੱਲੀਆਂ ਲਹਿਰਾਂ
ਨੱਚਦੀ ਨੱਚਦੀ ਆਈਂ
ਬਾਂਕੀਏ ਨਾਰੇ ਨੀ
ਨੱਚਦੀ ਨੱਚਦੀ ਜਾਈਂ
ਕੰਢਿਆਂ ਉੱਤੇ ਲੋਕੀ ਵੱਸਦੇ
ਛਲਕ ਨਾ ਕਿਧਰੇ ਜਾਈਂ
ਜੋਬਨ ਮੱਤੀਏ ਨੀ
ਛਲਕ ਨਾ ਕਿਧਰੇ ਜਾਈਂ
ਚੰਗੀਏ ਨਦੀਏ ਨੀ
ਹੌਲੀ ਹੌਲੀ ਜਾਈਂ