Punjabi Poetry

Surjit Singh Patar – Mai nisdin sochda rehna


ਮੈਂ ਨਿਸਦਿਨ ਸੋਚਦਾ ਰਹਿੰਨਾਂ ਮੈਂ ਹਰ ਪਲ ਸੁਲਗਦਾ ਰਹਿੰਨਾਂ
ਮੈਂ ਗੌਤਮ ਹਾਂ ਅਤੇ ਬੁੱਧ ਹੋਣ ਖਾਤਰ ਤੜਪਦਾ ਰਹਿੰਨਾਂ

ਸੁਜਾਤਾ ਦਾ ਕਟੋਰਾ ਵਣ ਦੇ ਵਿਚ ਮਨਜ਼ੂਰ ਸੀ ਮੈਨੂੰ
ਮੈਂ ਪਰ ਬੋਧੀ ਮਠਾਂ ਵਿਚ ਉਸ ਨੁੰ ਆਉਣੋਂ ਵਰਜਦਾ ਰਹਿੰਨਾਂ

ਇਬਾਰਤ ਮੈਂ ਨਹੀਂ ਕੋਈ, ਸ਼ਿਲਾਲੇਖੀਂ ਲਿਖੀ ਹੋਈ
ਮੈਂ ਹਾ ਇਕ ਬਣ ਰਿਹਾ ਫਿਕਰਾ ਜੁ ਅਕਸਰ ਬਦਲਦਾ ਰਹਿੰਨਾਂ

ਮਿਲੇ ਇਸ ਮੋੜ ‘ਤੇ ਪੂਰਬ ਤੇ ਅਗਲੇ ਮੋੜ ‘ਤੇ ਪੱਛਮ
ਮੈਂ ਦਿਨ ਵਿਚ ਕਿੰਨੀ ਵਾਰੀ ਉਗਮਦਾ ਤੇ ਅਸਤਦਾ ਰਹਿੰਨਾਂ

ਬਦਨ ਦੇ ਵਾਂਗ ਮਿਲ ਕੇ ਜਿਸ ਘੜੀ ਮੈਂ ਸ਼ਾਂਤ ਹੋ ਜਾਨਾਂ
ਉਦੋਂ ਵੀ ਆਤਮਾ ਦੇ ਵਾਂਗ ਅੰਦਰੋਂ ਤੜਪਦਾ ਰਹਿੰਨਾਂ

ਜਿਵੇਂ ਬਲਦੀ ਹੈ ਕੋਈ ਹੋਮ ਯੱਗ ਦੀ ਅੱਗ ਮੇਰੇ ਅੰਦਰ
ਪਵਿੱਤਰ ਹੋਣ ਖਾਤਰ ਇਉਂ ਮੈਂ ਅਕਸਰ ਸੁਲਗਦਾ ਰਹਿੰਨਾਂ