Punjabi Poetry

Ashraf Gill – Navian yaarian


ਯਾਰੀਆਂ ਨਵੀਆਂ ਵਧਾਕੇ, ਕੀਹ ਕਰਾਂ

ਯਾਰੀਆਂ ਨਵੀਆਂ ਵਧਾਕੇ, ਕੀਹ ਕਰਾਂ,
ਹਾਲ ਗ਼ੈਰਾਂ ਨੂੰ ਸੁਣਾਕੇ, ਕੀਹ ਕਰਾਂ?

ਓਹ ਗਲ਼ੀ ਤੀਕਰ ਮਿਰੀ, ਅਓਂਦਾ ਨਈਂ,
ਮੈਂ ਭਲਾ ਘਰ ਨੂੰ ਸਜਾਕੇ, ਕੀਹ ਕਰਾਂ?

ਜਿਸ ਦੇ ਨਾਲ, ਇਨਸਾਨੀਅਤ ਜ਼ਖ਼ਮੀ ਹੋਵੇ,
ਮੈਂ ਓਹ ਫੁਲ-ਝੜੀਆਂ, ਪਟਾਕੇ, ਕੀਹ ਕਰਾਂ?

ਮੇਰੇ ਗਲ਼ ਦਾ ਹਾਰ, ਏਹਨਾਂ ਬਣਨਾਂ ਨਈਂ,
ਤੇਰੀਆਂ ਬਾਹਾਂ ‘ਚ ਆਕੇ, ਕੀਹ ਕਰਾਂ?

ਜਿਸ ਨੇ ਨਜ਼ਰਾਂ ਫੇਰ ਕੇ, ਲੰਘ ਜਾਵਣੈਂ,
ਉਸ ਲਈ ਪਲਕਾਂ ਵਿਛਾਕੇ, ਕੀਹ ਕਰਾਂ?

ਨੱਕ ਉੱਤੇ ਗ਼ੁੱਸਾ ਜਿਹਦਾ, ਰਹਿੰਦੈ ਸਦਾ,
ਨਾਲ ਉਸਦੇ ਮੂੰਹ ਬਣਾਕੇ, ਕੀਹ ਕਰਾਂ?

ਟਾਲ ਤੇ ਦੇਨਾਂ ਹਾਂ, ਲੋਕਾਂ ਦੇ ਸਵਾਲ,
ਦਿਲ ਨੂੰ ਜਦ ਚੁੱਭਣ ਓਹ ਜਾਕੇ, ਕੀਹ ਕਰਾਂ?

ਝੂਠੀਆਂ ਕਸਮਾਂ ਜੋ ਖਾਂਦੈ, ਓਸ ਦੇ,
ਲਾਰਿਆਂ ਤੇ ਲਾਰ ਲਾਕੇ, ਕੀਹ ਕਰਾਂ?

ਲਾਲ ਧਰਤੀ, ਤੇ ਸਿਆਹ ਅੰਬਰ ਹੋਐ,
ਐਥੇ ਖ਼ੁਸ਼ਬੋਆਂ ਧੁਮਾਕੇ, ਕੀਹ ਕਰਾਂ?

ਜੇਸ ਥਾਂ ਰੌਲਾ ਹੈ ‘ਅਸ਼ਰਫ਼’ ਤੇਰ ਮੇਰ,
ਓਸ ਥਾਂ ਜਾਵਾਂ, ਤੇ ਜਾਕੇ ਕੀਹ ਕਰਾਂ?