Punjabi Poetry

Ashraf Gill – Safalta vaaste, kujh hasaratan nu maarna paina


ਸਫ਼ਲਤਾ ਵਾਸਤੇ, ਕੁਝ ਹਸਰਤਾਂ ਨੂੰ ਮਾਰਨਾ ਪੈਣੈਂ

ਸਫ਼ਲਤਾ ਵਾਸਤੇ, ਕੁਝ ਹਸਰਤਾਂ ਨੂੰ ਮਾਰਨਾ ਪੈਣੈਂ,
ਕਿਸੇ ਨੂੰ ਜਿੱਤਣੋਂ ਪਹਿਲਾਂ, ਓਸੇ ਤੋਂ ਹਾਰਨਾ ਪੈਣੈਂ ।

ਸੰਭਾਲ ਨ ਜਦ ਹੋਈ ਕਿਸ਼ਤੀ, ਨਹੀਂ ਮੱਲਾਹ ਕੋਲੋਂ ਵੀ,
ਕਿਸੇ ਨੂੰ ਰੋੜ੍ਹਨਾ ਪੈਣਾਂ, ਕਿਸੇ ਨੂੰ ਤਾਰਨਾ ਪੈਣੈਂ ।

ਤਿਰੀ ਚਾਹਤ, ਜਦੋਂ ਹਿਜਰਾਂ ਤੋਂ ਵਾਧੂ ਮੰਗ ਲਈ ਕੀਮਤ,
ਪਤਾ ਕੀ ਓਦੋਂ ਸਾਨੂੰ, ਰੂਪ ਕਿਹੜਾ ਧਾਰਨਾ ਪੈਣੈਂ?

ਕਦੀ ਕਰਦਾ ਨਾ ਅੱਖਾਂ ਚਾਰ, ਜੇਕਰ ਏਹ ਪਤਾ ਹੁੰਦਾ,
ਤਿਰੀ ਬਿਜਲੀ ਭਰੀ ਨਜ਼ਰਾਂ ਨੂੰ, ਹੀ ਵੰਗਾਰਨਾ ਪੈਣੈਂ ।

ਹੈ ਭਾਵੇਂ ਏਸ ਦੀ ਬੁਨਿਆਦ, ਦਲਦਲ, ਰੇਤ, ਪਾਣੀ ਤੇ,
ਮਹਿਲ ਆਸਾਂ ਦਾ, ਹਰ ਹਾਲਤ ਦੇ ਵਿਚ ਉਸਾਰਨਾ ਪੈਣੈਂ ।

ਚਲੋ ਹੁਣ ਨਾ ਸਹੀ, ਕੱਲ੍ਹ ਨੂੰ ਤੇ ਏਹ ਕੰਮ ਹੋਕੇ ਰਹਿਣਾ ਏਂ,
ਕਿਸੇ ਉੱਤੇ, ਬਿਨਾਂ ਸੋਚੇ, ਏਹ ਤਨ ਮਨ ਵਾਰਨਾਂ ਪੈਣੈਂ ।

ਏਹ ਤੇਰੀ ਯਾਦ ਦੇ ਰੋਸੇ ਵੀ, ਬਾਲਾਂ ਵਾਂਗ ਲਗਦੇ ਨੇਂ ,
ਕਦੀ ਹਟਕਾਰਨਾਂ ਪੈਣੈਂ, ਕਦੀ ਪੁਚਕਾਰਨਾਂ ਪੈਣੈਂ ।

ਟਪਾਵਣ ਨੂੰ ਸੁਖਾਲੇ ਦਿਨ, ਬੜਾ ਆਸਾਨ ਨੁਸਖ਼ਾ ਏ,
ਜ਼ੁਰੂਰਤ-ਵੰਦ ਖ਼ਾਤਰ, ਮਤਲਬੀ ਹਟਕਾਰਨਾਂ ਪੈਣੈਂ ।

ਜਦੋਂ ਤਕ ਦੋਸਤਾਂ, ਤੇ ਮੌਸਮਾਂ ਨੇਂ ਬਦਲਦੇ ਰਹਿਣੈਂ,
ਤਦੋਂ ਤੀਕਰ ਵਜੂਦ ‘ਅਸ਼ਰਫ਼’, ਤਪਾਣਾ, ਠਾਰਨਾ ਪੈਣੈਂ ।