Punjabi Poetry

Omkar Sood – Apni rail bhjaiye

ਆਪਣੀ ਰੇਲ ਭਜਾਈਏ

ਚੱਲੋ ਰੇਲ ਬਣਾਈਏ ਆਪਾਂ!
ਛੁਕ-ਛੁਕ ਰੇਲ ਭਜਾਈਏ ਆਪਾਂ।
ਸਾਰੇ ਬੱਚੇ ‘ਕੱਠੇ ਹੋ ਕੇ,
ਜਾਤੀ ਭੇਦ ਮਿਟਾਈਏ ਆਪਾਂ।
ਫੜ੍ਹਕੇ ਇੱਕ-ਦੂਜੇ ਦੇ ਝੱਗੇ,
ਪਿੱਛੇ-ਪਿੱਛੇ ਆਈਏ ਆਪਾਂ।
ਕੁੜੀਆਂ-ਮੁੰਡੇ ‘ਕੱਠੇ ਹੋ ਕੇ,
ਆਪਣੀ ਰੇਲ ਭਜਾਈਏ ਆਪਾਂ।
ਨਾ ਲੜੀਏ-ਨਾ ਭਿੜੀਏ ਉੱਕਾ,
ਸੱਚਾ ਪਿਆਰ ਵਿਖਾਈਏ ਆਪਾਂ।
ਵੱਖ-ਵੱਖ ਸ਼ਹਿਰਾਂ ਦੇ ਨਾਂ ਲੈ ਕੇ,
ਵੱਖ-ਵੱਖ ਸ਼ਹਿਰੀਂ ਜਾਈਏ ਆਪਾਂ।
ਮਾਰ-ਮਾਰ ਕੇ ਲੇਰਾਂ-ਚੀਕਾਂ,
ਵਾਹਵਾ ਸ਼ੋਰ ਮਨਾਈਏ ਆਪਾਂ।
ਥੱਕੇ ਹਾਰੇ ਸਾਹ ਲੈਣ ਲਈ,
ਚੁੱਪ-ਚਾਪ ਬਹਿ ਜਾਈਏ ਆਪਾਂ।
ਏਕੇ ਵਾਲੀ ਭਰਕੇ ਹਾਂਡੀ,
ਸਭ ਦੀ ਝੋਲੀ ਪਾਈਏ ਆਪਾਂ।
ਨਾ ਲੜੀਏ-ਨਾ ਬਕੀਏ ਗਾਹਲਾਂ,
ਪਿਆਰ ਮੁਹੱਬਤ ਗਾਈਏ ਆਪਾਂ।
ਸੱਚੀ ਇੱਕ ਪਿਆਰਾਂ ਦੀ ਪੰਡ,
ਸਿਰ ਦੇ ਉੱਪਰ ਚਾਈਏ ਆਪਾਂ।